ਧਰਮਕੋਟ, 18 ਜੁਲਾਈ (ਪਰਮਜੀਤ ਸਿੰਘ)-ਯੂ. ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ ਮੋਗਾ ਨੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਕ ਕਵਿਤਾ ਪਾਠ ਮੁਕਾਬਲਾ ਕਰਵਾਇਆ, ਜਿਥੇ ਭਾਗੀਦਾਰਾਂ ਨੇ ਆਪਣੇ ਭਾਸ਼ਨ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਕਵਿਤਾਵਾਂ ਸੁਣਾਈਆਂ | ਸਮਾਗਮ ਦਾ ਉਦੇਸ਼ ਕਵਿਤਾ ਤੇ ਸਾਹਿਤ ਪ੍ਰਤੀ ਕਦਰ ਵਧਾਉਣਾ, ਵਿਦਿਆਰਥੀਆਂ 'ਚ ਜਨਤਕ ਭਾਸ਼ਨ 'ਚ ਵਿਸ਼ਵਾਸ ਪੈਦਾ ਕਰਨਾ ਤੇ ਭਾਸ਼ਾ ਵਿਚ ਉਨ੍ਹਾਂ ਦੇ ਪ੍ਰਗਟਾਵੇ, ਉਚਾਰਨ ਅਤੇ ਤਾਲ ਨੂੰ ਵਧਾਉਣਾ ਸੀ | ਇਸ ਮੁਕਾਬਲੇ ਵਿਚ ਹਰਗੁਨ, ਹਰਨਾਜ, ਗੁਰਨੀਰ ਕੌਰ, ਗੁਰਮੰਨਤ ਕੌਰ, ਨਹਿਚਲ ਕੌਰ, ਅਯਾਨ, ਐਮਜੋਤ ਕੌਰ, ਸੀਰਤ, ਸ਼ੁਭਨਿਹਾਲ ਸਿੰਘ, ਹਰਕੀਰਤ ਕੌਰ ਇਨ੍ਹਾਂ ਸਾਰੇ ਬੱਚਿਆਂ ਨੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਮੈਡਮ ਡਾ. ਰਮਨ ਓਬਰਾਏ ਨੇ ਸੰਬੋਧਨ ਕੀਤਾ ਕਿ ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਸ਼ਵਾਸ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ | ਇਹ ਮੁਕਾਬਲੇ ਵਿਦਿਆਰਥੀਆਂ ਨੂੰ ਜਨਤਕ ਭਾਸ਼ਣ ਅਤੇ ਸਵੈ-ਪ੍ਰਗਟਾਵੇ 'ਚ ਵਿਸ਼ਵਾਸ ਪੈਦਾ ਕਰਨ ਵਿਚ ਮਦਦ ਕਰਦੇ ਹਨ | ਇਹ ਮੁਕਾਬਲੇ ਵਿਦਿਆਰਥੀਆਂ ਨੂੰ ਰਚਨਾਤਮਿਕ ਤੌਰ 'ਤੇ ਸੋਚਣ ਤੇ ਕਵਿਤਾਵਾਂ ਦੀ ਆਪਣੀ ਵਿਆਖਿਆ ਵਿਕਸਤ ਕਰਨ ਲਈ ਉਤਸ਼ਾਹਿਤ ਕਰਦੇ ਹਨ | ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਰਾਣਾ ਬਾਸੀ, ਬਲਕਾਰ ਸਿੰਘ, ਬਲਿਹਾਰ ਸਿੰਘ ਤੇ ਕੁਲਵੰਤ ਸਿੰਘ ਚੀਮਾ ਵੀ ਇਸ ਵਿਚ ਸ਼ਾਮਲ ਸਨ |