ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਆਪਣਾ ਪੰਜਾਬ ਫਾਊਾਡੇਸ਼ਨ ਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਚਲਾਈ ਜਾ ਰਹੀ ਮਿਸ਼ਨ ਹਰਿਆਲੀ ਮੁਹਿੰਮ ਤਹਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਵੀ ਆਪਣਾ ਯੋਗਦਾਨ ਪਾਉਂਦੇ ਹੋਏ ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਪਿ੍ੰਸੀਪਲ ਸਤਵਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਸਕੂਲ ਵਿਚ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ | ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਨੇ ਦੱਸਿਆ ਕਿ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵਲੋਂ 2022 'ਚ 5 ਲੱਖ, 2023 ਵਿਚ 7 ਲੱਖ ਤੇ 2024 ਵਿਚ 8 ਲੱਖ ਬੂਟੇ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ | ਫਾਊਾਡੇਸ਼ਨ ਦੁਆਰਾ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | 2025 ਦੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਜਾਣੇ ਹਨ | ਕੈਂਬਰਿਜ ਇੰਟਰਨੈਸ਼ਨਲ ਸਕੂਲ ਹਰ ਸਾਲ ਮਿਸ਼ਨ ਹਰਿਆਲੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ ਕਿਉਂਕਿ ਅੱਜ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ ਕਿ ਅਸੀਂ ਆਪਣੀ ਧਰਤੀ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਤੇ ਸ਼ੁੱਧ ਵਾਤਾਵਰਨ ਦੇ ਸਕੀਏ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਦਾ ਕੰਮ ਦਿੱਤਾ ਜਾਂਦਾ ਹੈ | ਇਸ ਪ੍ਰੋਗਰਾਮ 'ਚ ਸਾਰੇ ਵਿਦਿਆਰਥੀ ਤੇ ਅਧਿਆਪਕ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਹਨ | ਇਸ ਸਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਤੇ ਸੈਕਰਡ ਹਾਰਡ ਸਕੂਲ ਧੂੜਕੋਟ ਕਲਾਂ ਦੇ 1609 ਵਿਦਿਆਰਥੀਆਂ ਅਤੇ 130 ਅਧਿਆਪਕਾਂ ਨੇ ਬੂਟੇ ਲਗਾਉਣ ਦੀ ਮੁਹਿੰਮ ਵਿਚ ਭਾਗ ਲਿਆ |