ਮੋਗਾ, 18 ਜੁਲਾਈ (ਜਸਪਾਲ ਸਿੰਘ ਬੱਬੀ)-ਪੰਜਾਬ ਹੁਨਰ ਵਿਕਾਸ ਯੋਜਨਾ ਤਹਿਤ ਫ਼ਸਟ ਕੰਪਿਊਟਰਜ਼ ਐਜੂਕੇਸ਼ਨਲ ਸੋਸਾਇਟੀ ਵਲੋਂ ਪਿੰਡ ਦੌਲਤਪੁਰਾ ਨੀਵਾਂ (ਮੋਗਾ) ਵਿਖੇ ਕਿੱਤਾਮੁਖੀ ਸਿਖਲਾਈ ਕੇਂਦਰ 'ਚ ਫਿਨਿਸ਼ਰ ਐਂਡ ਪੈਕਰ (ਕੱਪੜਿਆਂ ਨੂੰ ਅੰਤਿਮ ਰੂਪ ਦੇਣ ਉਪਰੰਤ ਪੈਕਿੰਗ ਕਰਨਾ) ਦਾ 17 ਦਿਨਾਂ ਦਾ ਆਰ. ਪੀ. ਐਲ. (ਪਹਿਲਾਂ ਸਿਖਲਾਈ ਦੀ ਪਹਿਚਾਣ) ਟ੍ਰੇਨਿੰਗ ਕੋਰਸ ਕਰਵਾਇਆ | ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਦੀ ਰਸਮ ਆਰਸੇਟੀ ਡਾਇਰੈਕਟਰ ਗੌਰਵ ਕੁਮਾਰ, ਪੰਜਾਬ ਸਕਿੱਲ ਵਿਕਾਸ ਕਮਿਸ਼ਨ ਦੇ ਮਨਪ੍ਰੀਤ ਕੌਰ, ਪੁਸ਼ਰਾਜ, ਇੰਜ. ਵਿਕਾਸ ਸਿੰਗਲਾ, ਇੰਜ: ਅਸ਼ਵਨੀ ਕੁਮਾਰ, ਪ੍ਰੋ. ਬਲਵਿੰਦਰ ਸਿੰਘ, ਟਰੇਨਰ ਮੈਡਮ ਗਗਨ, ਬਲਜਿੰਦਰ ਕੌਰ ਨੇ ਕੀਤੀ | ਡਾਇਰੈਕਟਰ ਗੌਰਵ ਕੁਮਾਰ ਨੇ ਸਿਖਿਆਰਥਣਾਂ ਨੂੰ ਹੁਨਰਮੰਦ ਬਣ ਕੇ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਆ ਤੇ ਆਰਸੇਟੀ ਦੁੱਨੇਕੇ ਵਿਖੇ ਚੱਲ ਰਹੇ ਮੁਫ਼ਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਮਨਪ੍ਰੀਤ ਕੌਰ ਨੇ ਸਕਿੱਲ ਵਿਕਾਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ | ਪ੍ਰੋ. ਬਲਵਿੰਦਰ ਸਿੰਘ ਨੇ ਪਿੰਡ 'ਚ ਇਹ ਕੋਰਸ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ |