ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਰਾਵਨ ਸ਼ਿਵਰਾਤਰੀ ਮੌਕੇ ਮਹਾਂਕਾਲ ਸੋਸ਼ਲ ਵੈਲਫੇਅਰ ਕਲੱਬ ਹਰਿਦੁਆਰ ਤੋਂ ਗੰਗਾ ਜਲ ਲਿਆਏਗਾ ਅਤੇ ਗੀਤਾ ਭਵਨ ਦੇ ਸ਼ਿਵ ਮੰਦਰ 'ਚ ਸਥਾਪਿਤ ਪਵਿੱਤਰ ਸ਼ਿਵਲਿੰਗ 'ਤੇ ਅਭਿਸ਼ੇਕ ਕਰੇਗਾ | ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਟਰੱਸਟੀ ਮੈਂਬਰ ਯੋਗੇਸ਼ ਗਰਗ, ਸੰਯੁਕਤ ਸਕੱਤਰ ਸੁਰਿੰਦਰ ਗੋਇਲ, ਉਪ ਪ੍ਰਧਾਨ ਰਵਿੰਦਰ ਸੂਦ, ਕਲੱਬ ਚੇਅਰਮੈਨ ਐਡਵੋਕੇਟ ਗੌਰਵ ਗਰਗ ਤੇ ਰਾਹੁਲ ਗਰਗ ਦੁਆਰਾ ਕਾਵੜੀਆਂ ਦੇ ਸਮੂਹ ਨੂੰ ਰਵਾਨਾ ਕੀਤਾ | ਰਵਾਨਗੀ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਮੰਦਰ ਦੇ ਵਿਹੜੇ ਵਿਚ ਭਗਵਾਨ ਸ਼ਿਵ ਦੀ ਪੂਜਾ ਕਰ ਕੇ ਪ੍ਰਣ ਲਿਆ | ਗੀਤਾ ਭਵਨ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕਾਵੜੀਆਂ ਦੇ ਸਮੂਹ ਨੂੰ ਹਰਿਦੁਆਰ ਵਿਚ ਗੀਤਾ ਭਵਨ ਟਰੱਸਟ ਦੁਆਰਾ ਚਲਾਏ ਜਾ ਰਹੇ ਪਾਵਨ ਧਾਮ 'ਚ ਆਰਾਮ ਸਥਾਨ ਤੇ ਭੋਜਨ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ | ਗੀਤਾ ਭਵਨ ਟਰੱਸਟ ਸੁਸਾਇਟੀ ਦੇ ਜਨਰਲ ਸਕੱਤਰ ਅੰਸ਼ੁਲ ਸ੍ਰੀਕੁੰਜ ਹਰਿਦੁਆਰ ਤੋਂ ਸਾਰੇ ਕਾਵੜੀਆਂ ਲਈ ਹਰੀਕੀ ਪੌੜੀ ਤੋਂ ਗੰਗਾ-ਜਲ ਲਿਆਉਣ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨਗੇ | ਕਲੱਬ ਦੇ ਚੇਅਰਮੈਨ ਐਡਵੋਕੇਟ ਗੌਰਵ ਗਰਗ ਨੇ ਕਿਹਾ ਕਿ ਕਾਵੜੀਆਂ ਦਾ ਸਮੂਹ 20 ਜੁਲਾਈ ਨੂੰ ਹਰਿਦੁਆਰ ਪਹੁੰਚੇਗਾ | ਹਰਿਦੁਆਰ ਪਹੁੰਚਣ ਤੋਂ ਬਾਅਦ ਕਾਵੜੀਆਂ ਦਾ ਸਮੂਹ ਗੰਗਾ-ਜਲ ਲੈ ਕੇ ਰਿਸ਼ੀ ਕੇਸ਼ ਦੇ ਨੀਲਕੰਠ ਮਹਾਦੇਵ ਸ਼ਿਵ ਮੰਦਰ ਵਿਚ ਚੜ੍ਹਾਏਗਾ | 21 ਜੁਲਾਈ ਨੂੰ ਕਾਵੜੀਆਂ ਗੰਗਾ-ਜਲ ਲੈ ਕੇ ਪੈਦਲ ਮੋਗਾ ਲਈ ਰਵਾਨਾ ਹੋਣਗੇ, ਜੋ 72 ਘੰਟੇ ਲਗਾਤਾਰ ਚੱਲਣਗੇ ਅਤੇ 23 ਜੁਲਾਈ ਨੂੰ ਮਹਾਂ ਸ਼ਿਵਰਾਤਰੀ ਤਿਉਹਾਰ ਵਾਲੇ ਦਿਨ ਮੋਗਾ ਪਹੁੰਚਣਗੇ | ਗੀਤਾ ਭਵਨ ਮੰਦਰ ਵਿਚ ਕਾਵੜੀਆਂ ਸ਼ਿਵਲਿੰਗ ਨੂੰ ਗੰਗਾ-ਜਲ ਨਾਲ ਜਲ ਚੜ੍ਹਾ ਕੇ ਆਪਣਾ ਸੰਕਲਪ ਪੂਰਾ ਕਰਨਗੇ | ਉਨ੍ਹਾਂ ਕਿਹਾ ਕਿ ਹਰ ਸਾਲ ਗੀਤਾ ਭਵਨ ਮੰਦਰ ਤੋਂ ਕਾਵੜੀਆਂ ਹਰਿਦੁਆਰ ਲਈ ਰਵਾਨਾ ਹੋਣਗੇ | ਇਸ ਮੌਕੇ ਵਰੁਣ, ਲਖਨ ਸ਼ਰਮਾ, ਮਨੀ ਗੋਇਲ, ਐਡਵੋਕੇਟ ਵਰੁਣ ਗੋਇਲ, ਐਡਵੋਕੇਟ ਗੌਰਵ ਗਰਗ, ਸੰਜੀਵ, ਰਵੀ ਕਾਲੀਆ, ਅਮਨ ਸ਼ਰਮਾ, ਲਵੀ, ਕਰਨਦੀਪ ਕਾਲੀਆ, ਰਿੰਕੂ, ਸ਼ਿਵਾ, ਸੁਲਤਾਨ, ਰਾਮਪਾਲ, ਨੀਲਾ, ਸਾਹਿਲ, ਨਿਖਿਲ ਆਦਿ ਹਾਜ਼ਰ ਸਨ |