ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਮੋਗਾ ਵਲੋਂ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਖ਼ੁਦ ਜਾ ਕੇ ਜ਼ਿਲੇ੍ਹ ਦੇ ਪੁਲਿਸ ਸਟੇਸ਼ਨ, ਸਿਵਲ ਲਾਈਨ ਤੇ ਪੁਲਿਸ ਸਟੇਸ਼ਨ ਸਾਊਥ ਸਿਟੀ ਦਾ ਨਿਰੀਖਣ ਕੀਤਾ, ਜਿਥੇ ਉਨ੍ਹਾਂ ਪੁਲਿਸ ਸਟਾਫ਼ ਨੂੰ ਡੇਂਗੂ ਮਲੇਰੀਆ ਬਾਰੇ ਜਾਗਰੂਕ ਵੀ ਕੀਤਾ | ਉਨ੍ਹਾਂ ਕਿਹਾ ਕਿ ਫ਼ੀਲਡ ਸਟਾਫ਼, ਵਰਕਰਾਂ ਵਲੋਂ ਆਪਣੇ ਖੇਤਰ 'ਚ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਬਰਸਾਤ ਦੇ ਮੌਸਮ 'ਚ ਥਾਂ-ਥਾਂ 'ਤੇ ਪਾਣੀ ਜਮਾਂ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਵੱਧ ਜਾਂਦੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਬੁਖ਼ਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ | ਉਨ੍ਹਾਂ ਨੇ ਫ਼ੀਲਡ ਸਟਾਫ਼ ਨੂੰ ਕਿਹਾ ਕਿ ਉਹ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਡੇਂਗੂ ਤੇ ਵਾਰ ਮੁਹਿੰਮ ਅਧੀਨ ਐਂਟੀ ਲਾਰਵਾ ਗਤੀਵਿਧੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ | ਐਂਟੀ ਡੇਂਗੂ ਗਤੀਵਿਧੀਆਂ 'ਚ ਆਸ਼ਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ | ਇਸ ਮੌਕੇ ਡਾ. ਨਰੇਸ਼ ਆਮਲਾ ਨੇ ਕਿਹਾ ਕਿ ਡੇਂਗੂ ਮਲੇਰੀਆ ਹੋ ਜਾਣ ਉਪਰੰਤ ਨੇੜਲੇ ਸਰਕਾਰੀ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਵੇ, ਜਿਥੇ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਡਾ. ਨਰੇਸ਼ ਆਮਲਾ, ਅੰਮਿ੍ਤ ਸ਼ਰਮਾ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਐਸ. ਆਈ., ਹਰਦੀਪ ਸਿੰਘ ਮਾਸ ਮੀਡੀਆ ਵਿੰਗ, ਗੁਰਮੀਤ ਸਿੰਘ ਐਸ. ਆਈ., ਗੁਰਮੀਤ ਸਿੰਘ ਐਮ. ਪੀ. ਐਚ. ਡਬਲਿਊ. ਮੇਲ ਅਤੇ ਟੀਮ ਵੀ, ਨਰਸਿੰਗ ਵਿਦਿਆਰਥੀ ਤੇ ਆਸ਼ਾ ਵਰਕਰ ਵੀ ਹਾਜ਼ਰ ਸਨ |