29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਾਰੂਮਿਤਾ ਵਲੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਅਜੀਤ ਡੈਸਕ 19-07-2025
ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੁਆਰਾ ਬੂਥ ਲੈਵਲ ਏਜੰਟਾਂ (ਬੀ. ਐਲ. ਏ.) ਦੀ ਨਿਯੁਕਤੀ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਵੋਟਰ ਸੂਚੀ ਦੀ ਤਿਆਰੀ ਤੇ ਸੁਧਾਈ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਪਾਰਦਰਸ਼ੀ ਬਣਾਇਆ ਜਾ ਸਕੇ | ਬੂਥ ਲੈਵਲ ਏਜੰਟਾਂ ਨੂੰ ਸੰਬੰਧਿਤ ਪੋਲਿੰਗ ਸਟੇਸ਼ਨ ਦੇ ਬੂਥ ਲੈਵਲ ਅਫ਼ਸਰਾਂ ਨਾਲ ਕੰਮ ਕਰਨਾ ਹੁੰਦਾ ਹੈ ਅਤੇ ਵੋਟਰ ਸੂਚੀ 'ਚ ਵੋਟਰਾਂ ਦੇ ਨਾਂਅ ਸ਼ਾਮਿਲ ਕਰਨ, ਕਟਵਾਉਣ ਤੇ ਸੋਧਣ ਲਈ ਅਰਜ਼ੀ ਦੇਣ 'ਚ ਉਨ੍ਹਾਂ ਦੇ ਪੋਲਿੰਗ ਸਟੇਸ਼ਨ ਦੇ ਯੋਗ ਨਾਗਰਿਕਾਂ ਦੀ ਅਗਵਾਈ ਤੇ ਮਦਦ ਕਰਨ ਲਈ ਵੀ ਕਿਹਾ ਜਾਂਦਾ ਹੈ | ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਸਮੇਂ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਵਧੇਰੇ ਸਪਸ਼ਟਤਾ ਲਈ ਬੂਥ ਲੈਵਲ ਏਜੰਟਾਂ (ਬੀ. ਐਲ. ਏ.) ਦੀ ਨਿਯੁਕਤੀ ਨਾਲ ਸੰਬੰਧਿਤ ਸਾਰੀਆਂ ਮੌਜੂਦਾ ਹਦਾਇਤਾਂ ਨੂੰ ਇਕਸਾਰ ਕਰ ਦਿੱਤਾ ਗਿਆ ਹੈ ਅਤੇ ਉਪਰੋਕਤ ਸਾਰੀਆਂ ਮੌਜੂਦਾ ਹਦਾਇਤਾਂ ਦੀ ਥਾਂ 'ਤੇ ਸੰਸ਼ੋਧਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਨ੍ਹਾਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀ ਆਪਣੇ ਪ੍ਰਧਾਨ, ਸਕੱਤਰ ਜਾਂ ਕਿਸੇ ਹੋਰ ਅਹੁਦੇਦਾਰ ਦੁਆਰਾ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਇਕ ਜ਼ਿਲ੍ਹਾ ਪ੍ਰਤੀਨਿਧੀ ਨੂੰ ਅਧਿਕਾਰਤ ਕਰੇਗੀ | ਬੀ. ਐਲ. ਏ.-1 ਫਾਰਮ ਨੂੰ ਸਿਰਫ਼ ਸਿਆਹੀ ਨਾਲ ਹੀ ਹਸਤਾਖ਼ਰ ਕਰ ਕੇ ਭਰਿਆ ਜਾਣਾ ਹੈ, ਭਾਵ ਅਸਲ ਕਾਪੀ ਹੀ ਈ. ਆਰ. ਓ., ਡੀ. ਈ. ਓ., ਦਫ਼ਤਰ 'ਚ ਜਮ੍ਹਾ ਕਰਵਾਈ ਜਾਣੀ ਹੈ | ਪਾਰਟੀ ਇਕ ਜ਼ਿਲ੍ਹੇ 'ਚ ਇਕ ਤੋਂ ਵੱਧ ਵਿਅਕਤੀਆਂ ਨੂੰ ਅਧਿਕਾਰਤ ਕਰ ਸਕਦੀ ਹੈ, ਖ਼ਾਸ ਤੌਰ 'ਤੇ ਉਨ੍ਹਾਂ ਹਲਕਿਆਂ ਦਾ ਜ਼ਿਕਰ ਕਰਦੇ ਹੋਏ ਜਿਨ੍ਹਾਂ ਲਈ ਉਨ੍ਹਾਂ ਨੂੰ ਸੰਬੰਧਿਤ ਹਲਕੇ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਰੇਕ ਪੋਲਿੰਗ ਸਟੇਸ਼ਨ ਲਈ ਬੀ. ਐਲ. ਏ. ਦੀ ਨਿਯੁਕਤੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ | ਆਮ ਤੌਰ 'ਤੇ ਵੋਟਰ ਸੂਚੀ ਦੇ ਹਰੇਕ ਹਿੱਸੇ ਲਈ ਇਕ ਬੂਥ ਲੈਵਲ ਏਜੰਟ ਨਿਯੁਕਤ ਕੀਤਾ ਜਾ ਸਕਦਾ ਹੈ | ਬੂਥ ਲੈਵਲ ਏਜੰਟ ਨੂੰ ਵੋਟਰ ਸੂਚੀ ਦੇ ਸੰਬੰਧਿਤ ਹਿੱਸੇ 'ਚ ਇਕ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ | ਬੂਥ ਲੈਵਲ ਏਜੰਟ ਇਕ ਵਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਅਜਿਹੀ ਸਮਰੱਥਾ 'ਚ ਕੰਮ ਕਰਨਾ ਜਾਰੀ ਰੱਖੇਗਾ ਭਾਵੇਂ ਇਹ ਵੋਟਰ ਸੂਚੀ ਦੀ ਰਿਵੀਜ਼ਨ ਜਾਂ ਨਨ-ਰਿਵੀਜਨ ਦੀ ਮਿਆਦ ਹੋਵੇ ਅਤੇ ਬੂਥ ਲੈਵਲ ਏਜੰਟ ਵਜੋਂ ਉਸ ਦੀ ਨਿਯੁਕਤੀ ਬਾਅਦ ਦੇ ਸਾਲਾਂ ਲਈ ਵੀ ਉਦੋਂ ਤੱਕ ਮੰਨਣਯੋਗ ਰਹੇਗੀ ਜਦੋਂ ਤੱਕ ਨਾਮਜ਼ਦਗੀ ਸੰਬੰਧਿਤ ਰਾਜਨੀਤਕ ਪਾਰਟੀ ਦੁਆਰਾ ਸਪਸ਼ਟ ਤੌਰ 'ਤੇ ਵਾਪਸ ਨਹੀਂ ਲਈ ਜਾਂਦੀ | ਸਰਕਾਰ ਜਾਂ ਸਥਾਨਕ ਅਥਾਰਿਟੀ ਜਾਂ ਪੀ. ਐਸ. ਯੂ. ਦੀ ਸੇਵਾ 'ਚ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਬੂਥ ਲੈਵਲ ਏਜੰਟ ਵਜੋਂ ਕੰਮ ਨਹੀਂ ਕਰ ਸਕਦਾ | ਬੂਥ ਲੈਵਲ ਏਜੰਟ ਸੰਬੰਧਿਤ ਬੂਥ ਦੇ ਬੀ. ਐਲ. ਓ. ਕੋਲ ਇਕ ਦਿਨ ਵਿਚ 10 ਅਰਜ਼ੀਆਂ ਦਾਇਰ ਕਰ ਸਕਦਾ ਹੈ ਤੇ ਪੂਰੀ ਸੁਧਾਈ ਦੌਰਾਨ 30 ਅਰਜ਼ੀਆਂ ਦੇ ਸਕਦਾ ਹੈ | ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਅਧਿਕਾਰਤ ਬੀ. ਐਲ. ਏ. ਨੂੰ ਬੀ. ਐਲ. ਓ. ਦੀ ਅਗਵਾਈ ਹੇਠ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਲਈ ਆਮ ਤੌਰ 'ਤੇ ਛੁੱਟੀ ਵਾਲੇ ਦਿਨ ਨਿਸ਼ਚਿਤ ਵਿਸ਼ੇਸ਼ ਮੁਹਿੰਮ ਦੇ ਦਿਨਾਂ 'ਤੇ ਹਾਜ਼ਰ ਹੋਣਾ ਜ਼ਰੂਰੀ ਹੋਵੇਗਾ | ਇਨ੍ਹਾਂ ਮਿਤੀਆਂ 'ਤੇ ਬੀ. ਐਲ. ਓ. ਸੰਬੰਧਿਤ ਰਾਜ ਦੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੀ ਬੀ. ਐਲ. ਏ. ਦੇ ਨਾਲ ਡਰਾਫ਼ਟ ਵੋਟਰ ਸੂਚੀ ਦੀ ਜਾਂਚ ਕਰੇਗਾ | ਜੇਕਰ ਕੋਈ ਸਿਆਸੀ ਪਾਰਟੀ ਚਾਹੇ ਤਾਂ ਉਹ ਬੂਥ ਲੈਵਲ ਏਜੰਟ ਨੂੰ ਨਿਯੁਕਤ ਕਰਨ ਲਈ ਪਾਰਟੀ ਦੁਆਰਾ ਅਧਿਕਾਰਤ ਨੁਮਾਇੰਦੇ ਦੇ ਹਸਤਾਖਰਾਂ ਨਾਲ ਆਪਣੇ ਬੂਥ ਲੈਵਲ ਏਜੰਟ ਨੂੰ ਫ਼ੋਟੋ ਵਾਲੇ ਪਛਾਣ ਪੱਤਰ ਵੀ ਜਾਰੀ ਕਰ ਸਕਦੀ ਹੈ |
ਪਿਛਲੀ ਖ਼ਬਰ ਗਲੀਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਕੀਤਾ ਜਾ ਰਿਹਾ ਗ਼ਾਇਬ ਅਗਲੀ ਖ਼ਬਰ ਸਿਵਲ ਸਰਜਨ ਨੇ ਪੁਲਿਸ ਸਟੇਸ਼ਨ ਦਾ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।