ਮੋਗਾ, 17 ਜੁਲਾਈ (ਅਸ਼ੋਕ ਬਾਂਸਲ)-ਨਗਰ ਨਿਗਮ ਵਲੋਂ ਸ਼ਹਿਰ ਦੇ ਵਾਰਡ ਨੰਬਰ 38 ਅਧੀਨ ਆਉਂਦੇ ਨਿਊ ਟਾਊਨ, ਮੇਨ ਬਾਜ਼ਾਰ, ਪੁਰਾਣੀ ਦਾਣਾ ਮੰਡੀ ਵਿਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਫੌਗਿੰਗ ਕਰਵਾਈ ਗਈ | ਵਾਰਡ 38 ਦੇ ਕੌਂਸਲਰ ਸਾਹਿਲ ਅਰੋੜਾ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਸਾਂਝੇ ਤੌਰ 'ਤੇ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਉੱਥੇ ਘਰਾਂ ਵਿਚ ਪਾਏ ਜਾਣ ਵਾਲੇ ਲਾਰਵੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਘਰਾਂ ਵਿਚ ਚੱਲ ਰਹੇ ਕੂਲਰਾਂ ਦਾ ਸਮੇਂ ਸਿਰ ਪਾਣੀ ਬਦਲਣਾ ਚਾਹੀਦਾ ਹੈ | ਘਰਾਂ ਦੀਆਂ ਛੱਤਾਂ 'ਤੇ ਪਈਆਂ ਚੀਜ਼ਾਂ ਵਿਚ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ | ਡੇਂਗੂ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ | ਇਸ ਲਈ ਘਰ ਵਿਚ ਇਕ ਥਾਂ 'ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਬਰਸਾਤਾਂ ਸ਼ੁਰੂ ਹੋ ਗਈਆਂ ਹਨ | ਹਰ ਕਿਸੇ ਨੂੰ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ |