ਮੋਗਾ, 17 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸਮਾਜ ਸੇਵਾ ਸੰਸਥਾ ਗੁਰੂ ਨਾਨਕ ਮੋਦੀ ਖਾਨਾ ਜੋ ਕਿ ਪਿਛਲੇ 19 ਕੁ ਸਾਲਾਂ ਤੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕਰਦੀ ਆ ਰਹੀ ਹੈ ਅਤੇ ਇਸ ਵਾਰ ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਦੀ ਅਗਵਾਈ ਵਿਚ ਰਾਸ਼ਨ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ | ਧਾਰਮਿਕ ਰਵਾਇਤ ਅਨੁਸਾਰ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜਾਪ ਕਰਵਾਉਣ ਉਪਰੰਤ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਫ਼ਰੀਦਕੋਟ ਵਾਲਿਆਂ ਦੇ ਰਾਗੀ ਜਥੇ ਨੇ ਕਰੀਬ ਡੇਢ ਘੰਟਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਰਦਾਸ ਬੇਨਤੀ ਤੋਂ ਬਾਅਦ ਆਏ ਹੋਏ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਰਸਮ ਬਾਬਾ ਕੁਲਦੀਪ ਸਿੰਘ ਸੇਖਾ ਨੇ ਨਿਭਾਈ | ਇਸ ਮੌਕੇ ਬਾਬਾ ਕੁਲਦੀਪ ਸਿੰਘ ਸੇਖਾ ਨੇ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਮੋਦੀ ਖਾਨਾ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਦੀ ਅਗਵਾਈ ਵਿਚ ਲੋੜਵੰਦਾਂ ਨੂੰ ਹਰ ਮਹੀਨੇ ਰਾਸ਼ਨ ਤਕਸੀਮ ਕਰਦਾ ਹੈ, ਇਹ ਅੱਜ ਦੇ ਸਮੇਂ ਵਿਚ ਸਭ ਤੋਂ ਵੱਡਾ ਮਾਨਵਤਾ ਭਰਿਆ ਕਾਰਜ ਹੈ, ਕਿਉਂਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਲੋੜਵੰਦਾਂ ਦੀ ਮਦਦ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਉਹ ਗੁਰੂ ਨਾਨਕ ਮੋਦੀ ਖਾਨਾ ਦੇ ਇਸ ਕਾਰਜ ਦੀ ਰੱਜ ਕੇ ਸ਼ਲਾਘਾ ਕਰਦੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਇਹ ਮਾਨਵਤਾ ਭਰਿਆ ਕਾਰਜ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਰੰਤਰ ਚਲਦਾ ਰਹੇ | ਇਸ ਮੌਕੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਨੂੰ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣ ਕਿਉਂਕਿ ਇਹ ਸੰਗਤ ਦੀ ਸੰਸਥਾ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਚੱਲਦੀ ਹੈ | ਇਸ ਸਮੇਂ ਹੋਰਾਂ ਤੋਂ ਇਲਾਵਾ ਗੁਰਚਰਨ ਸਿੰਘ ਹੀਰੋ ਹਾਂਡਾ, ਗੁਰਪ੍ਰੀਤ ਸਿੰਘ ਲਾਲੀ ਰਣੀਆਂ, ਗੁਰਚਰਨ ਸਿੰਘ ਚਾਨਾ, ਬਲਦੇਵ ਸਿੰਘ ਸ਼ੇਰੇ ਪੰਜਾਬ ਕਲਾਥ ਹਾਊਸ, ਹਰਦੇਵ ਸਿੰਘ ਚਾਨਾ, ਹਰਜਿੰਦਰ ਸਿੰਘ ਭੂਰੀ, ਰਣਜੀਤ ਸਿੰਘ ਮਾਲਵਾ, ਭਜਨ ਸਿੰਘ ਸੱਗੂ, ਸੁਰੇਸ਼ ਅਰੋੜਾ, ਰਾਜੂ ਮਹੇਸ਼ਰੀ ਤੇ ਸਾਧ ਸੰਗਤ ਹਾਜ਼ਰ ਸੀ |