ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਕੈਨੇਡਾ 'ਚ ਆਯੋਜਿਤ ਪਵਿੱਤਰ ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਇਕ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ | ਕਥਿਤ ਤੌਰ 'ਤੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਸ਼ਰਧਾ ਅਤੇ ਉਤਸ਼ਾਹ ਦੇ ਇਸ ਪਵਿੱਤਰ ਮੌਕੇ 'ਤੇ ਰਥ ਯਾਤਰਾ ਦੇ 'ਤੇ ਅੰਡੇ ਸੁੱਟੇ | ਇਹ ਘਟਨਾ ਨਾ ਸਿਰਫ਼ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਹੈ, ਸਗੋਂ ਸਮਾਜਿਕ ਸਦਭਾਵਨਾ 'ਤੇ ਵੀ ਡੂੰਘਾ ਹਮਲਾ ਹੈ | ਇਸ ਘਿਣਾਉਣੇ ਕਾਰਜ ਦੀ ਸਖ਼ਤ ਨਿੰਦਾ ਕਰਦੇ ਹੋਏ ਸ੍ਰੀ ਦੇਵ ਪ੍ਰੀਆ ਤਿਆਗੀ, ਚੇਅਰਮੈਨ, ਇਸਕਾਨ ਪ੍ਰਚਾਰ ਸੰਮਤੀ ਮੋਗਾ ਨੇ ਕਿਹਾ ਪ੍ਰਭੂ ਜਗਨਨਾਥ ਸੰਸਾਰ ਦੇ ਪ੍ਰਭੂ ਹਨ, ਸਾਰਿਆਂ ਦੇ ਰੱਖਿਅਕ ਹਨ | ਇਹ ਸਿਰਫ਼ ਇਕ ਯਾਤਰਾ 'ਤੇ ਹਮਲਾ ਨਹੀਂ ਹੈ, ਸਗੋਂ ਕਰੋੜਾਂ ਸ਼ਰਧਾਲੂਆਂ ਦੀ ਅਟੁੱਟ ਆਸਥਾ 'ਤੇ ਹਮਲਾ ਹੈ | ਜੇਕਰ ਤੁਸੀਂ ਕਿਸੇ ਖ਼ਾਸ ਧਰਮ ਜਾਂ ਇਸ ਦੀਆਂ ਪਰੰਪਰਾਵਾਂ ਵਿਚ ਵਿਸ਼ਵਾਸ ਨਹੀਂ ਰੱਖਦੇ, ਤਾਂ ਘੱਟੋ ਘੱਟ ਇਸ ਦਾ ਅਪਮਾਨ ਨਾ ਕਰੋ | ਭਗਵਾਨ ਜਗਨਨਾਥ ਰਥ ਯਾਤਰਾ ਵਿਸ਼ਵਾਸ ਅਤੇ ਸ਼ਰਧਾ ਦਾ ਪ੍ਰਤੀਕ ਹੈ | ਇਸ ਇਤਰਾਜ਼ਯੋਗ ਘਟਨਾ ਨੇ ਉੱਥੇ ਮੌਜੂਦ ਸ਼ਰਧਾਲੂਆਂ ਵਿਚ ਡੂੰਘਾ ਗ਼ੁੱਸਾ ਅਤੇ ਉਦਾਸੀ ਪੈਦਾ ਕਰ ਦਿੱਤੀ ਹੈ | ਮੋਗਾ ਤੋਂ ਭਗਵਾਨ ਜਗਨਨਾਥ ਜੀ ਦੇ ਭਗਤ ਰਾਕੇਸ਼ ਸ਼ਰਮਾ ਨੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ ਇਹ ਘਟਨਾ ਦਿਲ ਨੂੰ ਤੋੜਨ ਵਾਲੀ ਹੈ | ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ, ਸ਼ਰਧਾਲੂਆਂ ਦੀ ਸ਼ਰਧਾ ਅਤੇ ਜੈਕਾਰੇ ਗੂੰਜਦੇ ਹਨ | ਅਜਿਹੇ ਘਿਣਾਉਣੇ ਕੰਮ ਸਾਡੇ ਵਿਸ਼ਵਾਸ ਨੂੰ ਹਿਲਾ ਨਹੀਂ ਸਕਦੇ, ਸਗੋਂ ਇਸ ਨੂੰ ਮਜ਼ਬੂਤ ਬਣਾਉਂਦੇ ਹਨ | ਪ੍ਰਭੂ ਦੀ ਕਿ੍ਪਾ ਹਮੇਸ਼ਾ ਸਾਡੇ ਨਾਲ ਹੈ | ਉਨ੍ਹਾਂ ਕਿਹਾ ਕਿ ਭਗਵਾਨ ਜਗਨਨਾਥ ਦੀ ਮਹਿਮਾ ਬੇਅੰਤ ਹੈ | ਇਸ ਘਟਨਾ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਵੀ ਨਿੰਦਾ ਕੀਤੀ ਗਈ ਹੈ | ਇਸਕਾਨ ਪ੍ਰਚਾਰ ਸਮਿਤੀ ਮੋਗਾ ਦੇ ਮੁਖੀ ਨਵਦੀਪ ਗੁਪਤਾ ਨੇ ਕਿਹਾ ਕਿਸੇ ਵੀ ਧਰਮ ਦੇ ਪਵਿੱਤਰ ਰਸਮਾਂ ਤੇ ਵਿਸ਼ਵਾਸਾਂ ਨਾਲ ਅਜਿਹਾ ਦੁਰਵਿਵਹਾਰ ਪੂਰੀ ਮਨੁੱਖਤਾ ਵਿਰੁੱਧ ਅਪਰਾਧ ਹੈ | ਇਹ ਘਟਨਾ ਸਭਿਅਕ ਸਮਾਜ 'ਤੇ ਇਕ ਧੱਬਾ ਹੈ | ਬਾਘਾ ਪੁਰਾਣਾ ਦੇ ਇਕ ਪ੍ਰਮੁੱਖ ਉਦਯੋਗਪਤੀ ਵਿਜੇ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨੇ ਕੈਨੇਡਾ ਵਿਚ ਭਾਰਤੀ ਭਾਈਚਾਰੇ ਅਤੇ ਦੁਨੀਆ ਭਰ ਦੇ ਹਿੰਦੂ ਸ਼ਰਧਾਲੂਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੀ ਜਲਦੀ ਅਤੇ ਗੰਭੀਰ ਜਾਂਚ ਕੀਤੀ ਜਾਵੇ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣ |