ਕਿਸ਼ਨਪੁਰਾ ਕਲਾਂ, 15 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਥਾਨਕ ਕਸਬਾ ਕਿਸ਼ਨਪੁਰਾ ਕਲਾਂ ਵਿਖੇ ਨੌਜਵਾਨਾਂ ਵਲੋਂ ਸਮੂਹ ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਰਪੰਚ ਪਿ੍ੰਸ ਚਾਵਲਾ ਤੇ ਹੋਰ ਮੋਹਤਬਰ ਵਿਅਕਤੀਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਹ ਮੁਕਾਬਲਾ ਸਵੇਰੇ 7 ਵਜੇ ਸ਼ੁਰੂ ਹੋਇਆ | ਜਿਸ ਵਿਚ ਵੱਖ ਵੱਖ ਪਿੰਡਾਂ ਦੇ 58 ਕਬੂਤਰਬਾਜਾਂ ਨੇ ਭਾਗ ਲਿਆ | ਪ੍ਰਧਾਨ ਜਸਵੀਰ ਸਿੰਘ ਸ਼ਾਹ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਦੂਸਰਾ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ ਜੋ ਬਹੁਤ ਹੀ ਸ਼ਾਨਦਾਰ ਸੀ | ਇਸ ਮੁਕਾਬਲੇ ਲਈ ਸਰਪੰਚ ਪਿ੍ੰਸ ਚਾਵਲਾ, ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਅਮਰੀਕਾ ਦਾ ਵੱਡਾ ਸਹਿਯੋਗ ਰਿਹਾ ਅਤੇ ਕਾਲੀ ਕਿਸ਼ਨਪੁਰਾ, ਧਰਮਿੰਦਰ ਸਿੱਧੂ, ਜਸਪ੍ਰੀਤ ਸਿੰਘ ਜੱਸੂ, ਭਿੰਦਾ ਡੇਅਰੀ ਵਾਲਾ ਵਲੋਂ ਵੱਡੇ ਦਿਲ ਖਿੱਚਵੇਂ ਇਨਾਮ ਤਕਸੀਮ ਕੀਤੇ ਗਏ | ਕਬੂਤਰਬਾਜ਼ੀ ਮੁਕਾਬਲੇ ਵਿਚ ਪਹਿਲਾ ਇਨਾਮ ਸਰਪੰਚ ਪਿ੍ੰਸ ਚਾਵਲਾ ਵਲੋਂ ਮੋਟਾ ਮਾਹਲਾ ਨੂੰ ਵਾਸ਼ਿੰਗ ਮਸ਼ੀਨ ਦਿੱਤੀ ਗਈ | ਦੂਸਰੇ ਨੰਬਰ 'ਤੇ ਆਉਣ ਵਾਲਾ ਕਾਕਾ ਮਾਣੂੰਕੇ ਨੂੰ ਧਰਮਿੰਦਰ ਸਿੱਧੂ ਵਲੋਂ ਵੱਡਾ ਪੱਖਾ ਦਿੱਤਾ ਗਿਆ | ਤੀਜਾ ਇਨਾਮ ਨਿੰਮਾ ਮਾਣੂੰਕੇ ਨੂੰ ਕੱਪ, ਚੌਥਾ ਇਨਾਮ ਆਕਾਸ਼ ਮੋਗਾ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕਬੂਤਰਬਾਜ਼ੀ ਮੁਕਾਬਲੇ ਨੂੰ ਸਫਲ ਬਣਾਉਣ ਲਈ ਗੁਰੂ ਬਾਈ, ਕਾਲਾ ਮਾਨ, ਰਾਜੂ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਜਸ਼ਨ ਸਿੰਘ, ਬੱਬੂ ਬਾਈ, ਪਿੰਕਾ ਆਦਿ ਨੇ ਸਹਿਯੋਗ ਦਿੱਤਾ |