ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਮੋਗਾ ਵਲੋਂ ਸਬ ਜੇਲ੍ਹ ਮੋਗਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮਿਸ ਕਿਰਨ ਜਯੋਤੀ ਸੀ. ਜੇ. ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ, ਸਮੀਰ ਗੁਪਤਾ ਚੀਫ਼ ਲੀਗਲ ਏਡ ਡਿਫੈਂਸ ਕਾਊਾਸਲ ਤੇ ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ਼ ਲੀਗਲ ਏਡ ਡਿਫੈਂਸ ਕਾਉਂਸਲ ਮੋਗਾ ਵੀ ਨਾਲ ਮੌਜੂਦ ਸਨ | ਬਿਸ਼ਨ ਸਰੂਪ ਨੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਸਾਰਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ 1 ਜੁਲਾਈ ਤੋਂ 30 ਸਤੰਬਰ 2025 ਤੱਕ ਮਾਨਯੋਗ ਨਾਲਸਾ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿਚ ਚਲਾਈ ਜਾ ਰਹੀ ਮੀਡੀਏਸ਼ਨ ਫ਼ਾਰ ਦ ਨੇਸ਼ਨ ਨਾਮ ਦੀ ਮੁਹਿੰਮ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਆਮ ਜਨਤਾ ਜਿਨ੍ਹਾਂ ਦੇ ਝਗੜਿਆਂ ਦੇ ਕੇਸ ਅਦਾਲਤਾਂ ਵਿਚ ਚਲਦੇ ਹਨ ਉਹ ਆਪਣੇ ਕੇਸ ਮੀਡੀਏਸ਼ਨ ਸੈਂਟਰ ਵਿਚ ਰਖਵਾ ਕੇ ਆਪਸੀ ਰਜ਼ਾਮੰਦੀ ਨਾਲ ਆਪਣੇ ਕੇਸ ਦਾ ਨਿਪਟਾਰਾ ਤੁਰੰਤ ਕਰਵਾ ਸਕਦੇ ਹਨ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਜਾ ਸਕੇ ਅਤੇ ਆਮ ਜਨਤਾ ਦਾ ਆਪਸੀ ਭਾਈਚਾਰਾ ਵੱਧ ਸਕੇ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਜੇਲ੍ਹ ਦੀਆਂ ਬੈਰਕਾਂ, ਬਾਥਰੂਮ ਅਤੇ ਕਿਚਨ ਆਦਿ ਦਾ ਵੀ ਨਿਰੀਖਣ ਕੀਤਾ | ਇਸ ਸਮੇਂ ਪ੍ਰੀਤਮਪਾਲ ਸਿੰਘ ਸੁਪਰਡੈਂਟ ਸਬ ਜੇਲ੍ਹ ਮੋਗਾ ਤੇ ਡਾ. ਮਨਿੰਦਰ ਸਿੰਘ ਢਿੱਲੋਂ ਜੇਲ੍ਹ ਮੈਡੀਕਲ ਅਫ਼ਸਰ ਵੀ ਹਾਜ਼ਰ ਸਨ |