25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਾਘਾ ਪੁਰਾਣਾ ਦੇ ਹੋ ਰਹੇ ਸਰਬਪੱਖੀ ਵਿਕਾਸ ਦੇ ਪਿੱਟੇ ਜਾ ਰਹੇ ਢੰਡੋਰੇ ਦੀ ਮੀਂਹ ਨੇ ਖੋਲ੍ਹੀ ਪੋਲ

ਅਜੀਤ ਡੈਸਕ 16-07-2025
ਬਾਘਾ ਪੁਰਾਣਾ, 15 ਜੁਲਾਈ (ਟਿੰਕੂ ਕਾਠਪਾਲ)-ਹਲਕਾ ਬਾਘਾ ਪੁਰਾਣਾ ਦੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਨੁਮਾਇੰਦਿਆਂ ਅਤੇ ਪਾਰਟੀ ਆਗੂਆਂ ਸਮੇਤ ਵਰਕਰਾਂ ਵਲੋਂ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਬਾਘਾ ਪੁਰਾਣਾ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਬਾਘਾ ਪੁਰਾਣਾ ਹਲਕਾ ਵਿਕਾਸ ਕਾਰਜਾਂ ਪੱਖੋਂ ਮੋਹਰਲੀ ਕਤਾਰ ਵਿਚ ਆਉਣ ਲੱਗਾ ਹੈ | ਪਰ ਇਨ੍ਹਾਂ ਬਿਆਨਾਂ ਅਤੇ ਪਿੱਟੇ ਜਾ ਰਹੇ ਢੰਡੋਰੇ ਵਿਚ ਕਿੰਨੀ ਕੁ ਸਚਾਈ ਹੈ ਇਸ ਦੀ ਪੋਲ ਪਏ ਮੀਂਹ ਨੇ ਖੋਲ੍ਹ ਕੇ ਰੱਖ ਦਿੱਤੀ ਹੈ | ਪਏ ਤੇਜ਼ ਮੀਂਹ ਦੇ ਬਾਅਦ ਰੁਕ-ਰੁਕ ਕੇ ਹੋਈ ਕਿਣਮਿਣ ਕਾਰਨ ਮੋਗਾ-ਬਾਘਾ ਪੁਰਾਣਾ ਰੋਡ ਅਤੇ ਬਾਘਾ ਪੁਰਾਣਾ-ਕੋਟਕਪੂਰਾ ਰੋਡ ਸਮੇਤ ਮੁਹੱਲਿਆਂ ਅੰਦਰ ਗੋਡੇ-ਗੋਡੇ ਪਾਣੀ ਖੜ੍ਹ ਗਿਆ | ਜਿਸ ਕਾਰਨ ਸ਼ਹਿਰ ਵਾਸੀਆਂ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਵੇਰ ਦਾ ਟਾਈਮ ਹੋਣ ਦੇ ਕਾਰਨ ਇਕ ਤਾਂ ਹਰ ਕੰਮ ਕਾਰ ਕਰਨ ਵਾਲਿਆਂ ਵਲੋਂ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਹੈ ਦੂਜੇ ਪਾਸੇ ਸਵੇਰ ਦਾ ਟਾਈਮ ਬੱਚਿਆਂ ਦੇ ਸਕੂਲ ਜਾਣ ਦਾ ਹੁੰਦਾ ਹੈ ਪਰ ਅਚਾਨਕ ਪਏ ਮੀਂਹ ਨੇ ਜ਼ਿੰਦਗੀ ਦੀ ਰਫਤਾਰ ਨੂੰ ਇਕ ਦਮ ਬਰੇਕ ਲਗਾ ਦਿੱਤੀ ਅਤੇ ਲੋਕ ਘਰਾਂ ਅੰਦਰ ਕੈਦ ਹੋਣ ਲਈ ਮਜਬੂਰ ਹੋ ਗਏ ਕਿਉਂਕਿ ਗੰਦੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਂਸਲ ਬਾਘਾ ਪੁਰਾਣਾ ਦੀ ਹਰ ਗਲੀ, ਮੁਹੱਲੇ ਅਤੇ ਲਿੰਕ ਸੜਕਾਂ 'ਤੇ ਗੋਡੇ ਗੋਡੇ ਪਾਣੀ ਖੜ੍ਹ ਗਿਆ ਸੀ | ਜਿੱਥੇ ਖੜ੍ਹੇ ਪਾਣੀ ਕਾਰਨ ਲੋਕਾਂ ਦੇ ਦੋਪਹੀਆ ਵਾਹਨ ਇਸ ਮੀਂਹ ਦੇ ਪਾਣੀ ਵਿਚ ਬੰਦ ਹੋਣ ਕਾਰਨ ਲੋਕਾਂ ਨੂੰ ਆਪਣੇ ਵਹੀਕਲ ਉਥੇ ਹੀ ਖੜ੍ਹੇ ਕਰਨੇ ਪਏ ਉੱਥੇ ਮੋਗਾ ਰੋਡ ਉੱਪਰ ਸਥਿਤ ਦੁਕਾਨਦਾਰਾਂ ਦੀਆਂ ਦੁਕਾਨਾਂ ਅੰਦਰ ਪਾਣੀ ਵੜ ਜਾਣ ਕਾਰਨ ਉਹ ਸਾਰਾ ਦਿਨ ਪਾਣੀ ਕੱਢਣ ਵਿਚ ਲੱਗੇ ਰਹੇ | ਮੀਂਹ ਕਾਰਨ ਭਾਵੇਂ ਤਿੱਖੀ ਗਰਮੀ ਤੋਂ ਤਾਂ ਸ਼ਹਿਰੀਆਂ ਨੂੰ ਕੁਝ ਰਾਹਤ ਮਹਿਸੂਸ ਹੋਈ ਪਰ ਆਮ ਅਤੇ ਗਰੀਬ ਲੋਕਾਂ ਲਈ ਇਹ ਮੀਂਹ ਕਿਸੇ ਆਫਿਤ ਤੋਂ ਘੱਟ ਨਹੀਂ ਸੀ ਕਿਉਂਕਿ ਕੱਚੇ ਅਤੇ ਨੀਵੇਂ ਘਰਾਂ ਅੰਦਰ ਪਾਣੀ ਦਾਖਲ ਹੋ ਜਾਣ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰੀਆਂ ਨੇ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਦੇ ਨੇਤਾ ਆਗੂ ਬਾਘਾ ਪੁਰਾਣਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਦੁਆ ਸਕੇ | ਸ਼ਹਿਰੀਆਂ ਅੰਦਰ ਮੌਜੂਦਾ ਸੱਤਾਧਾਰੀ ਪਾਰਟੀ ਦੇ ਖਿਲਾਫ ਵੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸਾਢੇ ਤਿੰਨ ਸਾਲ ਦੀ ਆਪਣੀ ਕਾਰਗੁਜ਼ਾਰੀ ਅੰਦਰ ਬਾਘਾ ਪੁਰਾਣਾ ਵਾਸੀਆਂ ਦੀ ਇਕ ਮੰਗ ਨੂੰ ਵੀ ਅਜੇ ਤੱਕ ਬੂਰ ਨਾ ਪੈਣ ਕਰਕੇ ਆਪ ਸਰਕਾਰ ਪ੍ਰਤੀ ਲੋਕਾਂ ਵਿਚ ਨਿਰਾਸਤਾ ਪਾਈ ਜਾ ਰਹੀ ਹੈ |
ਪਿਛਲੀ ਖ਼ਬਰ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਨੇ ਸਬ ਜੇਲ੍ਹ ਮੋਗਾ ਵਿਖੇ ਸੁਣੀਆਂ ਹਵਾਲਾਤੀਆਂ ਦੀਆਂ ਮੁਸ਼ਕਲਾਂ ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।