ਵੱਧ ਤੋਂ ਵੱਧ ਸੰਗਤਾਂ ਪਰਿਵਾਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ-ਧਾਮੀ
ਸ੍ਰੀ ਅਨੰਦਪੁਰ ਸਾਹਿਬ, 20 ਨਵੰਬਰ (ਜੇ.ਐਸ.ਨਿੱਕੂਵਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਅੰਤਿ੍ਗ ਕਮੇਟੀ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਵੀ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਧਾਮੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦੇ 350 ਸਾਲਾ ਦਿਹਾੜੇ ਸੰਬੰਧੀ ਭਲਕੇ ਸਵੇਰੇ 10 ਵਜੇ ਗੁਰਿਆਈ ਅਸਥਾਨ, ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ਤਾਬਦੀ ਸਮਾਗਮਾਂ ਦਾ ਆਗਾਜ਼ ਹੋਵੇਗਾ | ਇਸ ਤੋਂ ਬਿਨਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਵਲੋਂ ਲਗਵਾਏ ਨਵੇਂ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਦੀ ਅਰਦਾਸ ਹੋਵੇਗੀ | ਇਸ ਦੇ ਨਾਲ ਹੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਬਾਰ ਹਾਲ ਦੀ ਕਾਰਸੇਵਾ ਬਾਬਾ ਹਰਬੰਸ ਸਿੰਘ, ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਵਲੋਂ ਮੁਕੰਮਲ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਦੇ ਮੁੱਖ ਸਮਾਗਮ ਅਤੇ 29 ਨਵੰਬਰ ਨੂੰ ਸੀਸ ਸਸਕਾਰ ਦਿਵਸ ਮਨਾਇਆ ਜਾਵੇਗਾ | 24 ਨਵੰਬਰ ਤੋਂ 28 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਮੀ 6 ਵਜੇ ਰੌਸ਼ਨੀ ਤੇ ਆਵਾਜ਼ ਸਮਾਗਮਾਂ ਰਾਹੀਂ ਪ੍ਰਭਾਵਸ਼ਾਲੀ ਰੂਪ ਵਿਚ ਨੌਵੇਂ ਪਾਤਸ਼ਾਹ ਦੇ ਜੀਵਨ ਤੇ ਸ਼ਹਾਦਤ ਦੇ ਇਤਿਹਾਸ ਨੂੰ ਦਿਖਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਲਗਾਤਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮਿ੍ਤ ਸੰਚਾਰ ਹੋਣਗੇ | ਇਸ ਮੌਕੇ ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਐਡਵੋਕੇਟ ਜਸਵੀਰ ਸਿੰਘ ਅਤੇ ਹਰਦੇਵ ਸਿੰਘ ਦੇਬੀ ਵੀ ਹਾਜ਼ਰ ਸਨ |
ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਸ਼ਹੀਦੀ ਸ਼ਤਾਬਦੀ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ <br/>
ਅਜੀਤ ਡੈਸਕ
21-11-2025