ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਤੁਰੰਤ ਰਾਹਤ ਨਹੀਂ ਮਿਲੀ | ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਦਿੱਤੇ ਗਏ ਉਨ੍ਹਾਂ ਦੇ ਕਥਿਤ ਇਤਰਾਜ਼ਯੋਗ ਬਿਆਨ ਨਾਲ ਸੰਬੰਧਿਤ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕਰਨ ਸੰਬੰਧੀ ਹਾਈ ਕੋਰਟ 'ਚ ਦਾਇਰ ਉਨ੍ਹਾਂ ਦੀ ਪਟੀਸ਼ਨ ਨੂੰ ਸੁਣਵਾਈ ਤੋਂ ਖ਼ਾਰਜ ਕਰ ਦਿੱਤਾ ਗਿਆ ਅਤੇ ਕਿਸੇ ਹੋਰ ਬੈਂਚ ਨੂੰ ਭੇਜ ਦਿੱਤਾ ਗਿਆ | ਵੜਿੰਗ ਦੀ ਪਟੀਸ਼ਨ ਜਸਟਿਸ ਸੁਵੀਰ ਸਹਿਗਲ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਦਾਇਰ ਕੀਤੀ ਗਈ ਸੀ | ਸੁਣਵਾਈ ਦੌਰਾਨ, ਜੱਜ ਨੇ ਫ਼ੈਸਲਾ ਸੁਣਾਇਆ ਕਿ ਇਸ ਮਾਮਲੇ 'ਤੇ ਕਿਸੇ ਹੋਰ ਢੁਕਵੇਂ ਬੈਂਚ ਵਲੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ | ਬਾਅਦ 'ਚ ਮਾਮਲਾ ਚੀਫ਼ ਜਸਟਿਸ ਕੋਲ ਭੇਜ ਦਿੱਤਾ ਗਿਆ | ਚੀਫ਼ ਜਸਟਿਸ ਵਲੋਂ ਨਿਯੁਕਤ ਬੈਂਚ ਹੁਣ ਅਗਲੇ ਹਫ਼ਤੇ ਪਟੀਸ਼ਨ 'ਤੇ ਸੁਣਵਾਈ ਕਰੇਗਾ |