ਫਰੀਦਾਬਾਦ, 19 ਨਵੰਬਰ (ਪੀ.ਟੀ.ਆਈ.)-ਸੂਤਰਾਂ ਨੇ ਦੱਸਿਆ ਹੈ ਕਿ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਇਕ ਕਾਰ 'ਚ ਹੋਏ ਧਮਾਕੇ ਤੋਂ ਬਾਅਦ ਇੱਥੇ ਅਲ ਫਲਾਹ ਯੂਨੀਵਰਸਿਟੀ ਦੇ 200 ਤੋਂ ਵੱਧ ਡਾਕਟਰ ਤੇ ਸਟਾਫ਼ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ ਹਨ | ਸੁਰੱਖਿਆ ਏਜੰਸੀਆਂ ਅਲ ਫਲਾਹ ਯੂਨੀਵਰਸਿਟੀ 'ਚ ਲਗਾਤਾਰ ਜਾਂਚ ਕਰ ਰਹੀਆਂ ਹਨ, ਜਿਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਟਾਫ਼ 'ਚ ਚਿੰਤਾਵਾਂ ਵਧ ਰਹੀਆਂ ਹਨ | ਬੁੱਧਵਾਰ ਨੂੰ ਯੂਨੀਵਰਸਿਟੀ ਦੇ ਕਈ ਕਰਮਚਾਰੀ ਆਪਣੇ ਸਾਮਾਨ ਨੂੰ ਵਾਹਨਾਂ 'ਚ ਪੈਕ ਕਰਕੇ ਗੇਟਾਂ ਤੋਂ ਬਾਹਰ ਨਿਕਲਦੇ ਦੇਖੇ ਗਏ | ਯੂਨੀਵਰਸਿਟੀ ਦੇ ਸੂਤਰਾਂ ਅਨੁਸਾਰ ਉਹ ਛੁੱਟੀ ਲੈ ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ | ਜਾਂਚ ਏਜੰਸੀਆਂ ਧਮਾਕੇ ਤੋਂ ਬਾਅਦ ਯੂਨੀਵਰਸਿਟੀ ਛੱਡਣ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਪਤਾ ਲਗਾ ਰਹੀਆਂ ਹਨ ਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ 'ਚੋਂ ਕਈ ਵਿਅਕਤੀ ਅੱਤਵਾਦੀਆਂ ਨਾਲ ਜੁੜੇ ਹੋਏ ਸਨ | ਸੂਤਰਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਆਪਣਾ ਮੋਬਾਈਲ ਡਾਟਾ ਡਿਲੀਟ ਕਰ ਦਿੱਤਾ ਹੈ, ਜਿਸ ਦੀ ਜਾਂਚ ਵੀ ਕੀਤੀ ਜਾਵੇਗੀ | ਸੂਤਰਾਂ ਨੇ ਅੱਗੇ ਕਿਹਾ ਕਿ ਪੁਲਿਸ ਯੂਨੀਵਰਸਿਟੀ ਕੈਂਪਸ ਦੇ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਦੇ ਹੋਸਟਲਾਂ ਤੇ ਕਮਰਿਆਂ ਦੀ ਤਲਾਸ਼ੀ ਲੈ ਰਹੀ ਹੈ ਤੇ 1000 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ |