ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਰਾਵਲਪਿੰਡੀ 'ਚ ਫ਼ੌਜ ਹੈੱਡਕੁਆਟਰ ਦੇ ਨੇੜੇ ਤੇਜ਼ੀ ਨਾਲ ਇਕ ਨਵਾਂ ਅੱਤਵਾਦੀ ਸਿਖਲਾਈ ਕੇਂਦਰ ਬਣਾ ਰਿਹਾ ਹੈ | ਇਸ ਨਵੇਂ ਕੇਂਦਰ ਦਾ ਨਾਂਅ 'ਮਰਕਜ਼ ਅਲ-ਕੁਦਸ' ਰੱਖਿਆ ਗਿਆ ਹੈ ਅਤੇ ਇਸ ਅਹਾਤੇ 'ਚ 'ਅਲ-ਕੁਰਾਨ ਮਸਜਿਦ' ਵੀ ਬਣਾਈ ਗਈ ਹੈ | ਅਮਰੀਕਾ ਦੁਆਰਾ ਨਾਮਜ਼ਦ ਗਲੋਬਲ ਅੱਤਵਾਦੀ ਅਤੇ ਸੀਨੀਅਰ ਲਸ਼ਕਰ ਕਮਾਂਡਰ ਹਾਫਿਜ਼ ਅਬਦੁਰ ਰਊਫ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਅਤੇ ਇਸ ਨਵੇਂ ਪ੍ਰਾਜੈਕਟ ਨੂੰ ਉਸ ਨੇ ਲਸ਼ਕਰ-ਏ-ਤੋਇਬਾ ਲਈ 'ਨਵੀਂ ਸਵੇਰ' ਦੱਸਿਆ | ਦੱਸਿਆ ਜਾ ਰਿਹਾ ਹੈ ਕਿ ਨਵਾਂ ਅੱਤਵਾਦੀ ਸਿਖਲਾਈ ਕੇਂਦਰ ਫ਼ੌਜ ਹੈੱਡਕੁਆਟਰ ਤੋਂ ਸਿਰਫ਼ 5 ਕਿੱਲੋਮੀਟਰ ਦੀ ਦੂਰੀ 'ਤੇ ਹੈ | ਲਸ਼ਕਰ ਦਾ ਦਾਅਵਾ ਹੈ ਕਿ ਇਹ ਸਿਖਲਾਈ ਕੇਂਦਰ ਅਗਲੀ ਰਮਜ਼ਾਨ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ | ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਕੇਂਦਰ ਦੀ ਉਸਾਰੀ ਨੂੰ ਛੁਪਾਇਆ ਨਹੀਂ ਜਾ ਰਿਹਾ, ਬਲਕਿ ਇਸ ਨੂੰ ਇਕ ਭਾਈਚਾਰਕ ਅਤੇ ਸ਼ਹਿਰੀ ਯੁੱਧ ਕੇਂਦਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ | ਹਾਲਾਂਕਿ, ਇਸ ਦਾ ਅਸਲ ਉਦੇਸ਼ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਰਕਜ਼ ਅਲ-ਕੁਦਸ ਦੇ ਅੰਦਰ ਵਿਸ਼ੇਸ਼ ਤੌਰ 'ਤੇ ਵਿਸਫੋਟਕ ਸਿਖਲਾਈ, ਆਧੁਨਿਕ ਹਥਿਆਰਾਂ ਨਾਲ ਹਮਲਾ ਅਤੇ ਭਾਰਤ ਵਿਰੁੱਧ ਜਹਾਦ ਦੀ ਤਿਆਰੀ ਲਈ ਮਾਡਿਊਲ ਸਥਾਪਿਤ ਕੀਤੇ ਜਾ ਰਹੇ ਹਨ | ਇਹ ਕੇਂਦਰ ਭਾਰਤ ਵਿਰੋਧੀ ਅੱਤਵਾਦ ਲਈ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਪਾਕਿ ਦੀ ਨਿਰੰਤਰ ਨੀਤੀ ਦੀ ਤਾਜ਼ਾ ਉਦਾਹਰਨ ਹੈ |