16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜੱਗਾ ਫੁਕੀਵਾਲ ਫਿਰੌਤੀ ਗਰੋਹ ਦੇ ਮੁੱਖ ਮੈਂਬਰ ਸਮੇਤ 3 ਗਿ੍ਫ਼ਤਾਰ

ਅਜੀਤ ਡੈਸਕ 20-11-2025
ਕਪੂਰਥਲਾ, 19 ਨਵੰਬਰ (ਅਮਰਜੀਤ ਸਿੰਘ ਸਡਾਨਾ)-ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਨੇ ਜੱਗਾ ਫੁਕੀਵਾਲ ਫਿਰੌਤੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਪਾਸੋਂ 9 ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਉਰਫ ਅਮਨ ਵਾਸੀ ਪਿੰਡ ਤਾਸ਼ਪੁਰ ਸੁਲਤਾਨਪੁਰ ਲੋਧੀ, ਹਰਜੀਤ ਸਿੰਘ ਉਰਫ ਜੀਤਾ ਵਾਸੀ ਨਕੋਦਰ ਤੇ ਲਵਪ੍ਰੀਤ ਉਰਫ ਬਾਬਾ ਵਾਸੀ ਜਮਸ਼ੇਰ ਜਲੰਧਰ ਦੇ ਰੂਪ ਵਜੋਂ ਹੋਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਮੁਲਜ਼ਮ ਅਮਨਦੀਪ ਉਰਫ ਅਮਨ ਸੁਲਤਾਨਪੁਰ ਲੋਧੀ ਖੇਤਰ 'ਚ ਜੱਗਾ ਫੁਕੀਵਾਲ ਫਿਰੌਤੀ ਗਰੋਹ ਦਾ ਸਰਗਰਮ ਮੈਂਬਰ ਸੀ ਅਤੇ ਇਹ ਗੋਲੀਬਾਰੀ ਤੇ ਜਬਰਨ ਵਸੂਲੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਥਾਨਕ ਗਿਰੋਹਾਂ ਨੂੰ ਹਥਿਆਰ ਸਪਲਾਈ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ | ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੇ ਅਮਨਦੀਪ ਨੂੰ ਬੀਤੇ ਦਿਨੀਂ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਜਾਂਦੇ ਰਸਤੇ ਤੋਂ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਚਾਰ ਪਿਸਤੌਲ ਬਰਾਮਦ ਕੀਤੇ ਸਨ ਤੇ ਪੁੱਛਗਿੱਛ ਦੌਰਾਨ ਲਵਪ੍ਰੀਤ ਉਰਫ ਬਾਬਾ ਅਤੇ ਹਰਜੀਤ ਸਿੰਘ ਉਰਫ ਜੀਤਾ ਨੂੰ ਉਸ ਨੇ ਦੋ ਪਿਸਤੌਲ ਸਪਲਾਈ ਕਰਨ ਦੀ ਗੱਲ ਦੱਸੀ | ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਦੋਵਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ ਬਰਾਮਦ ਕੀਤੇ | ਐਸ.ਐਸ.ਪੀ. ਤੂਰਾ ਨੇ ਦੱਸਿਆ ਕਿ ਅਮਨਦੀਪ ਉਰਫ ਅਮਨ ਪਾਸੋਂ ਹੋਰ ਪੁੱਛਗਿੱਛ ਦੌਰਾਨ ਉਸਦੇ ਘਰ ਵਿਚ ਦੱਬੇ ਤਿੰਨ ਹੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਆਪਣੇ ਵਿਦੇਸ਼ ਰਹਿੰਦੇ ਗਰੋਹ ਦੇ ਮੁਖੀ ਦੇ ਨਿਰਦੇਸ਼ਾਂ 'ਤੇ ਮੱਧ ਪ੍ਰਦੇਸ਼ ਤੋਂ ਦੇਸੀ ਹਥਿਆਰ ਲਿਆ ਕੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ | ਐਸ.ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਅਸਲ੍ਹਾ ਐਕਟ ਅਧੀਨ ਥਾਣਾ ਸਦਰ ਕਪੂਰਥਲਾ ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕੀਤੇ ਗਏ ਹਨ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਲਸ਼ਕਰ ਫ਼ੌਜ ਹੈੱਡਕੁਆਰਟਰ ਦੇ ਨੇੜੇ ਬਣਾ ਰਿਹਾ 'ਮਰਕਜ਼ ਅਲ-ਕੁਦਸ' ਅੱਤਵਾਦੀ ਸਿਖਲਾਈ ਕੇਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।