ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਕ ਟੀ. ਵੀ. ਪ੍ਰੋਗਰਾਮ 'ਚ ਕਿਹਾ ਕਿ ਭਾਰਤ ਨਹੀਂ ਚਾਹੁੰਦਾ ਕਿ ਪਾਕਿ ਅਤੇ ਅਫ਼ਗਾਨਿਸਤਾਨ ਆਪਣੇ ਮੁੱਦੇ ਹੱਲ ਕਰਨ | ਕਾਬੁਲ ਨੂੰ ਅੱਤਵਾਦੀਆਂ ਲਈ ਪਨਾਹਗਾਹ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਮੁੜ ਪਾਕਿ 'ਤੇ ਹਮਲਾ ਕਰ ਸਕਦਾ ਹੈ | ਖ਼ਵਾਜਾ ਮੁਹੰਮਦ ਆਸਿਫ਼ ਨੇ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਪਾਕਿ ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਬਿਆਨ ਨੂੰ ਖ਼ਾਰਜ ਨਹੀਂ ਕਰ ਸਕਦਾ | ਦੱਸਣਯੋਗ ਹੈ ਕਿ ਭਾਰਤੀ ਫ਼ੌਜ ਮੁਖੀ ਜਨਰਲ ਦਿਵੇਦੀ ਨੇ ਕਿਹਾ ਸੀ ਕਿ ਆਪ੍ਰੇਸ਼ਨ ਸੰਧੂਰ ਸਿਰਫ਼ ਇਕ ਟ੍ਰੇਲਰ ਸੀ ਅਤੇ ਇਹ ਐਪੀਸੋਡ 88 ਘੰਟਿਆਂ ਬਾਅਦ ਖ਼ਤਮ ਹੋ ਗਿਆ | ਜੇਕਰ ਪਾਕਿਸਤਾਨ ਨੇ ਦੁਬਾਰਾ ਕੋਈ ਅੱਤਵਾਦੀ ਕਾਰਵਾਈ ਕੀਤੀ ਤਾਂ ਭਾਰਤ ਉਸ ਨੂੰ ਇਹ ਸਬਕ ਸਿਖਾਏਗਾ ਕਿ ਇਕ ਜ਼ਿੰਮੇਵਾਰ ਰਾਸ਼ਟਰ ਨੂੰ ਆਪਣੇ ਗੁਆਂਢੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ | ਆਸਿਫ਼ ਨੇ ਦੋਸ਼ ਲਗਾਇਆ ਕਿ ਅਫ਼ਗਾਨਿਸਤਾਨ ਪਾਕਿ 'ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਂਦਾ ਹੈ ਅਤੇ ਭਾਰਤ ਇਸ 'ਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ | ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ 'ਤੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਬੁਲ ਅੱਤਵਾਦੀਆਂ ਲਈ ਪਨਾਹਗਾਹ ਬਣ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਤਾਂ ਭਾਰਤ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਅਤੇ ਨਾ ਹੀ ਕਿਸੇ ਵੀ ਹਾਲਾਤ 'ਚ ਉਸ 'ਤੇ ਭਰੋਸਾ ਕਰ ਰਹੇ ਹਾਂ |