ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬੀ ਵਿਚ ਜਿੰਨੀ ਕਵਿਤਾ ਲਿਖੀ ਜਾ ਰਹੀ ਹੈ, ਉਸ ਪੱਧਰ ਦੀ ਮਿਆਰੀ ਅਲੋਚਨਾ ਨਹੀਂ ਹੋ ਰਹੀ | ਇਹ ਵਿਚਾਰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ ਨੇ ਸਥਾਨਕ ਜ਼ਿਲ੍ਹਾ ਯੂਥ ਲਾਇਬ੍ਰੇਰੀ ਵਿਖੇ ਰਾਜ ਪੱਧਰੀ ਕਵੀ ਦਰਬਾਰ ਮੌਕੇ ਸ਼ਾਇਰਾਂ ਤੇ ਸਰੋਤਿਆਂ ਦੇ ਅੰਗ-ਸੰਗ ਹੁੰਦਿਆਂ ਪ੍ਰਗਟਾਏ | ਉਨ੍ਹਾਂ ਆਖਿਆ ਕਿ ਸਾਹਿਤ ਦੀ ਹਰ ਵਿਧਾ 'ਚ ਸਿਰਜਣਾ ਦੇ ਬਰਾਬਰ ਅਲੋਚਨਾ ਦੀ ਅਹਿਮੀਅਤ ਹੁੰਦੀ ਹੈ | ਇਸ ਕਰ ਕੇ ਕਵਿਤਾ ਦੇ ਮਿਆਰ 'ਚ ਹੋਰ ਵਾਧਾ ਕਰਨ ਲਈ ਵਿਦਵਾਨਾਂ ਨੂੰ ਅਲੋਚਨਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ | ਕਵੀ ਦਰਬਾਰ 'ਚ ਸ਼ਾਇਰਾ ਵਿਰਕ ਪੁਸ਼ਪਿੰਦਰ, ਨਰਿੰਦਰਪਾਲ ਕੌਰ ਤੇ ਕਮਲ ਸੇਖੋਂ, ਸ਼ਾਇਰ ਰਣਧੀਰ, ਜਗਦੀਪ ਜਵਾਹਰਕੇ, ਜਸਵੰਤ ਜ਼ਫ਼ਰ, ਡਾ. ਗੁਰਇਕਬਾਲ, ਸੁਖਵਿੰਦਰ ਗੁਰਮ, ਡਾ. ਸੁਰਜੀਤ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅੰਬਰੀਸ਼ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕਰ ਕੇ ਜਿੱਥੇ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨੂੰ ਛੂਹਿਆ ਉੱਥੇ ਦੇਸ਼ ਦੀ ਅਜੋਕੀ ਰਾਜਨੀਤਕ ਸਥਿਤੀ 'ਤੇ ਵਿਅੰਗ ਵੀ ਕਸੇ | ਪ੍ਰਧਾਨਗੀ ਭਾਸ਼ਣ 'ਚ ਡਾ. ਅੰਬਰੀਸ਼ ਨੇ ਕਿਹਾ ਕਿ ਕਵਿਤਾ ਲਈ ਵਧੀਆ ਮਜ਼ਬੂਨ ਦੇ ਨਾਲ-ਨਾਲ ਚੰਗੀ ਬਣਤਰ ਵੀ ਜ਼ਰੂਰੀ ਹੈ | ਉਨ੍ਹਾਂ ਆਖਿਆ ਕਿ ਚੰਗੀ ਸ਼ਾਇਰੀ 'ਚ ਘੱਟ ਤੋਂ ਘੱਟ ਸ਼ਬਦ ਤੇ ਵਧੀਆ ਫ਼ਲਸਫ਼ਾ ਹੋਣਾ ਲਾਜ਼ਮੀ ਹੈ | ਸਮਾਗਮ ਦਾ ਆਗਾਜ਼ ਮਨਜੀਤ ਕੌਰ ਔਲਖ ਨੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਸੀ ਜਦਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਭਾਸ਼ਾ ਵਿਭਾਗ ਮਾਨਸਾ ਦੇ ਖੋਜ ਅਫ਼ਸਰ ਤੇ ਸ਼ਾਇਰ ਗੁਰਪ੍ਰੀਤ ਨੇ ਬਾਖ਼ੂਬੀ ਨਿਭਾਇਆ |