ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਮੀਟਿੰਗ ਐਸ.ਟੀ.ਸੀ ਦਫ਼ਤਰ ਵਿਖੇ ਸੈਕਟਰੀ ਟਰਾਂਸਪੋਰਟ ਪੰਜਾਬ ਵਰੁਣ ਰੂਜਮ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ | ਮੀਟਿੰਗ ਵਿਚ ਕੰਟਰੈਕਟ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕਾ ਕਰਨ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਲੈਣ ਸੰਬੰਧੀ ਚਰਚਾ ਹੋਈ | ਯੂਨੀਅਨ ਵਲੋਂ ਸੈਕਟਰੀ ਨੂੰ ਬੇਨਤੀ ਕੀਤੀ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਪਾਲਿਸੀ ਦੀ ਜ਼ਰੂਰਤ ਨਹੀਂ ਕਿਉਂਕਿ ਕੰਟਰੈਕਟ ਮੁਲਾਜ਼ਮ ਪੰਜਾਬ ਯੂਨੀਵਰਸਿਟੀ ਤੋਂ ਪੇਪਰ ਦੇ ਕੇ ਆਏ ਹਨ ਅਤੇ ਕੰਟਰੈਕਟ ਮੁਲਾਜ਼ਮ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਜੋ ਇਕ ਰੈਗੂਲਰ ਮੁਲਾਜ਼ਮ ਲਈ ਲੋੜੀਂਦੀਆਂ ਹਨ | ਉਨ੍ਹਾਂ ਕਿਹਾ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਵਿਚ ਕੋਈ ਵੀ ਰੁਕਾਵਟ ਨਹੀਂ ਹੈ ਕਿਉਂਕਿ ਪੰਜਾਬ ਰੋਡਵੇਜ਼ 'ਚ ਲਗਭਗ 3300 ਦੇ ਕਰੀਬ ਪ੍ਰਵਾਨਿਤ ਪੋਸਟਾਂ ਖ਼ਾਲੀ ਹਨ ਤੇ ਇਨ੍ਹਾਂ ਪੋਸਟਾਂ ਅਧੀਨ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰ ਸਕਦੇ ਹਾਂ | ਆਗੂਆਂ ਨੇ ਦੱਸਿਆ ਕਿ ਸਕੱਤਰ ਵਲੋਂ ਉੱਚ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੁਝ ਦਿਨਾਂ ਵਿਚ ਯੂਨੀਅਨ ਨਾਲ ਮੀਟਿੰਗ ਕਰਕੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਕਰਨ ਸੰਬੰਧੀ ਢੁੱਕਵਾਂ ਹੱਲ ਕੱਢਣ ਦਾ ਸਕਾਰਾਤਮਿਕ ਭਰੋਸਾ ਦਿੱਤਾ | ਮੀਟਿੰਗ 'ਚ ਮਹਿਕਮੇ ਵਲੋਂ ਏ.ਡੀ.ਓ ਰਾਜੀਵ ਦੱਤਾ ਵੀ ਸ਼ਾਮਲ ਹੋਏ | ਇਸ ਤੋਂ ਇਲਾਵਾ ਯੂਨੀਅਨ ਵਲੋਂ ਸੂਬਾ ਜਨਰਲ ਸੈਕਟਰੀ ਗੁਰਮੁਖ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਬਾਜਵਾ, ਲਖਵਿੰਦਰ ਸਿੰਘ ਮੈਹਦਵਾਨ, ਮੀਤ ਪ੍ਰਧਾਨ ਰਣਵੀਰ ਸਿੰਘ, ਲਖਵੀਰ ਸਿੰਘ, ਰਮਨਦੀਪ ਸਿੰਘ, ਜਰਨੈਲ ਸਿੰਘ ਚੰਡੀਗੜ੍ਹ, ਹਰਜਿੰਦਰ ਸਿੰਘ ਅਤੇ ਚਰਨਜੀਤ ਮੋਗਾ ਆਦਿ ਆਗੂ ਹਾਜ਼ਰ ਹੋਏ |