16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਾਭਾ ਦੀ ਸਰਕਾਰੀ ਰਿਹਾਇਸ਼ 'ਚੋਂ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਾਮਾਨ ਮਿਲਿਆ <br/>

ਅਜੀਤ ਡੈਸਕ 20-11-2025
ਨਾਭਾ (ਪਟਿਆਲਾ), 19 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਬਰਾਮਦ ਹੋ ਰਹੀਆਂ ਹਨ | ਹੁਣ ਇਕ ਵਾਰ ਫਿਰ ਤੋਂ ਦੁਬਾਰਾ ਕਿਸਾਨਾਂ ਨੇ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਬਰਾਮਦ ਕਰਨ ਲਈ ਦਾਅਵਾ ਕੀਤਾ ਸੀ ਕਿ ਨਗਰ ਕੌਂਸਲ ਨਾਭਾ ਦੇ ਦਫ਼ਤਰ ਦੇ ਸਾਹਮਣੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਦੀ ਸਰਕਾਰੀ ਰਿਹਾਇਸ਼ ਦੀ ਜ਼ਮੀਨ ਅਤੇ ਕੋਠੀ ਵਿਚ ਸਮਾਨ ਹੈ ਜਿਸ ਨੂੰ ਸੀ.ਆਈ.ਏ. ਸਟਾਫ ਪਟਿਆਲਾ ਵਲੋਂ ਸਥਾਨਕ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਬਰਾਮਦ ਕਰੇ | ਇਸ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਨਗਰ ਕੌਂਸਲ ਨਾਭਾ ਦੇ ਦਫ਼ਤਰ ਦੇ ਸਾਹਮਣੇ ਕੱਲ੍ਹ ਪੱਕਾ ਮੋਰਚਾ ਧਰਨਾ ਲਗਾਇਆ ਸੀ, ਕਿਸਾਨਾਂ ਦੇ ਰੋਸ ਨੂੰ ਵੇਖਦੇ ਹੋਏ ਮਜਬੂਰ ਹੋ ਕੇ ਅੱਜ ਸੀ.ਆਈ.ਏ. ਸਟਾਫ ਪਟਿਆਲਾ ਨੇ ਨਾਇਬ ਤਹਿਸੀਲਦਾਰ ਨਾਭਾ ਦੀ ਮੌਜੂਦਗੀ ਦੇ ਵਿਚ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ ਗਿਆ | ਕਿਸਾਨਾਂ ਦੀ ਮੰਗ 'ਤੇ ਪ੍ਰਸ਼ਾਸਨ ਨੇ ਨਗਰ ਕੌਂਸਲ ਦੀ ਜੇ.ਸੀ.ਬੀ. ਮਸ਼ੀਨ ਨਾਲ ਹੀ ਜਿਵੇਂ ਹੀ ਜ਼ਮੀਨ ਨੂੰ ਪੁੱਟਣਾ ਸ਼ੁਰੂ ਕੀਤਾ ਟਰਾਲੀ ਦੇ ਉੱਪਰ ਪਾਉਣ ਵਾਲੀ ਛੱਤ ਦੇ ਲੋਹੇ ਦਾ ਸਮਾਨ ਜ਼ਮੀਨ ਹੇਠੋਂ ਨਿਕਲਣਾ ਸ਼ੁਰੂ ਹੋ ਗਿਆ | ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਨਾਭਾ ਪ੍ਰਧਾਨ ਗਮਦੂਰ ਸਿੰਘ ਅਤੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਹੁਣ ਸਰਕਾਰੀ ਥਾਂ ਤੋਂ ਬਰਾਮਦ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਵੇ | ਇਸ ਮਾਮਲੇ ਸੰਬੰਧੀ ਜਦੋਂ ਮੌਕੇ 'ਤੇ ਮੌਜੂਦ ਨਗਰ ਕੌਂਸਲ ਨਾਭਾ ਦੇ ਕਾਰਜ਼ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰੀ ਰਿਹਾਇਸ਼ ਭਾਵੇਂ ਕਿ ਉਨ੍ਹਾਂ ਦੇ ਨਾਂਅ 'ਤੇ ਅਲਾਟ ਹੈ ਪਰ ਉਹ ਹਾਲੇ ਤੱਕ ਇੱਥੇ ਨਹੀਂ ਰਹੇ ਬਲਕਿ ਆਪਣੇ ਨਜ਼ਦੀਕੀ ਪਿੰਡ ਬਿਰੜਵਾਲ ਵਿਖੇ ਆਪਣੇ ਘਰ ਹੀ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇੱਥੇ ਆਪ ਆਗੂ ਪੰਕਜ ਪੱਪੂ ਆਪਣਾ ਦਫਤਰ ਬਣਾ ਕੇ ਬੈਠਦੇ ਸਨ ਜਿਨ੍ਹਾਂ ਨੂੰ ਨਗਰ ਕੌਂਸਲ ਦੇ ਕੌਂਸਲਰਾਂ ਵਲੋਂ ਮਤਾ ਪਾਸ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਆਪਰੇਟ ਕਰਨ ਲਈ ਸੁਪਰਵਾਈਜ਼ਰ ਬਣਾਇਆ ਗਿਆ ਸੀ | ਉਨ੍ਹਾਂ ਕਿਹਾ ਕੀ ਉਹ ਸੀ.ਆਈ.ਏ. ਸਟਾਫ ਪੁਲਿਸ ਪਟਿਆਲਾ ਨੂੰ ਹਰ ਤਰ੍ਹਾਂ ਦੀ ਸਹਿਯੋਗ ਕਰਨ ਲਈ ਤਿਆਰ ਹਨ | ਇਸ ਮਾਮਲੇ ਸੰਬੰਧੀ ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਦੀ ਅਗਵਾਈ ਕਰ ਰਹੇ ਥਾਣੇਦਾਰ ਦਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਸਰਕਾਰੀ ਰਿਹਾਇਸ਼ ਵਿਚੋਂ ਅੱਜ ਟਰਾਲੀਆਂ ਦਾ ਸਮਾਨ ਜ਼ਮੀਨ ਦੇ ਹੇਠਾਂ ਤੋਂ ਬਰਾਮਦ ਹੋਇਆ ਹੈ, ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਵਲੋਂ ਮੰਗਾਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ 'ਆਪ' ਵਲੋਂ ਮਹਿਲਾ ਉੱਦਮਤਾ ਦਿਵਸ ਨੂੰ ਸਮਰਪਿਤ ਵਿਧਾਇਕ ਡਾ. ਅਰੋੜਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।