ਅੰਮਿ੍ਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)-ਖੁਦਮੁਖਤਿਆਰ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿਖੇ ਚੱਲ ਰਿਹਾ 5 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ' ਪੰਜਾਬੀਆਂ ਖਾਸਕਰ ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੋਇਆ ਅੱਜ ਸ਼ਾਮ ਸਮਾਪਤ ਹੋ ਗਿਆ | ਇਸ ਪੁਸਤਕ ਮੇਲੇ ਦੌਰਾਨ ਜਿੱਥੇ ਰੋਜ਼ਾਨਾ ਵੱਖ-ਵੱਖ ਵਿਸ਼ਿਆਂ 'ਤੇ ਕਰਵਾਏ ਸੈਮੀਨਾਰਾਂ ਦੌਰਾਨ ਨਾਮਵਰ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ, ਉਥੇ ਵੱਖ-ਵੱਖ ਭਾਸ਼ਾਵਾਂ ਦੀਆਂ ਕਰੀਬ 80 ਲੱਖ ਰੁਪਏ ਦੇ ਮੁੱਲ ਦੀਆਂ ਪੁਸਤਕਾਂ ਦੀ ਵਿਕਰੀ ਵੀ ਹੋਈ | ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਅਤੇ ਪੰਜਾਬੀ ਵਿਭਾਗ ਅਤੇ ਖਾਲਸਾ ਕਾਲਜ ਗਵ: ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਮੌਕੇ ਨਾਟਕਕਾਰ ਜਗਦੀਸ਼ ਸਚਦੇਵਾ, ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੰਜਾਬ ਖੇਤੀਬਾੜੀ ਯੂਨੀ: ਲੁਧਿਆਣਾ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਪਿ੍ੰਸੀਪਲ ਡਾ: ਆਤਮ ਰੰਧਾਵਾ ਨੇ ਸੰਬੋਧਨ ਕੀਤਾ | ਮੇਲੇ ਦੇ ਆਖਰੀ ਦਿਨ ਅਜਮੇਰ ਸਿੰਘ ਹੇਰ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸ੍ਰੀਮਤੀ ਰਤਨਾ ਭੱਲਾ, ਪੰਜਾਬੀ ਵਿਭਾਗ ਦੇ ਮੁਖੀ ਡਾ: ਪਰਮਿੰਦਰ ਸਿੰਘ, ਡਾ: ਹੀਰਾ ਸਿੰਘ, ਧਰਮਿੰਦਰ ਸਿੰਘ ਰਟੌਲ, ਡਾ. ਵਰਿੰਦਰ ਭੱਲਾ ਯੂ. ਐੱਸ. ਏ., ਡਾ. ਦਵਿੰਦਰ ਸਿੰਘ ਛੀਨਾ, ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਤਮਿੰਦਰ ਸਿੰਘ ਭਾਟੀਆ, ਰਾਜਵਿੰਦਰ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਹਜ਼ਾਰਾਂ ਵਿਦਿਆਰਥੀ ਹਾਜ਼ਰ ਸਨ |