ਨਵੀਂ ਦਿੱਲੀ, 5 ਨਵੰਬਰ (ਏਜੰਸੀ)-ਏਅਰ ਇੰਡੀਆ ਨੇ ਬੁੱਧਵਾਰ ਸਵੇਰੇ ਮੰਗੋਲੀਆ ਦੀ ਰਾਜਧਾਨੀ ਉਲਾਨਬਟਾਰ 'ਚ ਫਸੇ 228 ਯਾਤਰੀਆਂ ਅਤੇ 17 ਚਾਲਕ ਦਲ ਦੇ ਮੈਂਬਰਾਂ ਨੂੰ ਦਿੱਲੀ ਪਹੁੰਚਾਇਆ | ਤਕਨੀਕੀ ਖ਼ਰਾਬੀ ਕਾਰਨ ਸੋਮਵਾਰ ਨੂੰ ਸੈਨ ਫਰਾਂਸਿਸਕੋ-ਦਿੱਲੀ ਉਡਾਣ ਨੂੰ ਮੰਗੋਲੀਆ ਦੀ ਰਾਜਧਾਨੀ ਵੱਲ ਮੋੜਨ ਤੋਂ ਬਾਅਦ ਯਾਤਰੀ ਮੰਗੋਲੀਆ ਦੀ ਰਾਜਧਾਨੀ 'ਚ ਫਸ ਗਏ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਉਲਾਨਬਟਾਰ ਤੋਂ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਰਾਹਤ ਉਡਾਣ ਬੁੱਧਵਾਰ ਸਵੇਰੇ ਲਗਭਗ 8.24 ਵਜੇ ਦਿੱਲੀ ਪਹੁੰਚੀ | ਬੋਇੰਗ 787 ਡ੍ਰੀਮਲਾਈਨਰ ਨਾਲ ਸੰਚਾਲਿਤ ਰਾਹਤ ਉਡਾਣ ਏ.ਆਈ. 183 ਮੰਗਲਵਾਰ ਦੁਪਹਿਰ ਉਲਾਨਬਟਾਰ ਲਈ ਰਵਾਨਾ ਹੋਈ ਸੀ | ਇਕ ਸੂਤਰ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਬੋਇੰਗ 777 ਜਹਾਜ਼ ਜਿਸ ਨੂੰ ਉਲਾਨਬਟਾਰ ਵੱਲ ਮੋੜਿਆ ਗਿਆ ਸੀ, ਇਸ 'ਚ 228 ਯਾਤਰੀ ਤੇ 17 ਚਾਲਕ ਦਲ ਦੇ ਮੈਂਬਰਾਂ ਸਮੇਤ 245 ਲੋਕ ਸਵਾਰ ਸਨ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਉਡਾਣ ਨੂੰ ਸਾਵਧਾਨੀ ਵਜੋਂ ਮੋੜਨ ਤੋਂ ਬਾਅਦ ਮੰਗੋਲੀਆ ਦੇ ਉਲਾਨਬਟਾਰ 'ਚ ਫ਼ਸੇ ਯਾਤਰੀਆਂ ਤੇ ਚਾਲਕ ਦਲ ਨੂੰ ਲੈ ਕੇ ਰਾਹਤ ਉਡਾਣ ਅੱਜ ਸਵੇਰੇ ਦਿੱਲੀ ਪਹੁੰਚ ਗਈ ਹੈ |