ਅੰਮਿ੍ਤਸਰ, 5 ਨਵੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਜਥੇ 'ਚੋਂ 14 ਹਿੰਦੂ ਯਾਤਰੂਆਂ ਨੂੰ ਵਾਹਗਾ ਸਰਹੱਦ ਤੋਂ ਵਾਪਸ ਭਾਰਤ ਭੇਜੇ ਜਾਣ ਦੀਆਂ ਖ਼ਬਰਾਂ ਬਾਰੇ ਪਾਕਿਸਤਾਨੀ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਸਪਸ਼ਟੀਕਰਨ ਦਿੱਤਾ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਭਾਰਤੀ ਜਥੇ 'ਚੋਂ ਕਿਸੇ ਵੀ ਹਿੰਦੂ ਯਾਤਰੂ ਨੂੰ ਵਾਪਸ ਨਹੀਂ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਥੇ 'ਚ 300 ਤੋਂ ਵਧੇਰੇ ਭਾਰਤੀ ਹਿੰਦੂ ਯਾਤਰੂ ਮੌਜੂਦਾ ਸਮੇਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਪਹੁੰਚੇ ਹੋਏ ਹਨ | ਉਨ੍ਹਾਂ ਨੇ ਦੱਸਿਆ ਕਿ ਜਥੇ ਨਾਲ ਪਾਕਿ ਪਹੁੰਚੇ ਜਿਹੜੇ ਕਥਿਤ 14 ਭਾਰਤੀ ਹਿੰਦੂ ਯਾਤਰੂਆਂ ਨੂੰ ਵਾਪਸ ਭਾਰਤ ਭੇਜਿਆ ਗਿਆ ਹੈ, ਉਹ ਸਾਰੇ ਪਾਕਿਸਤਾਨੀ ਹਿੰਦੂ ਸਨ, ਜੋ ਸਾਲ 1999 ਜਾਂ ਉਸ ਦੌਰਾਨ ਪਾਕਿ ਨੂੰ ਹਮੇਸ਼ਾ ਲਈ ਛੱਡ ਕੇ ਭਾਰਤ ਵੱਸ ਗਏ ਸਨ |
ਭਾਰਤ ਵਾਪਸ ਭੇਜੇ ਗਏ ਹਿੰਦੂ ਯਾਤਰੂ ਪਾਕਿਸਤਾਨੀ ਸਨ-ਪਾਕਿ ਇੰਮੀਗ੍ਰੇਸ਼ਨ <br/>
ਅਜੀਤ ਡੈਸਕ
06-11-2025