ਅੰਮਿ੍ਤਸਰ, 5 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੈਨੇਟ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਪਿਛਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਰਕਾਰ ਨੇ ਅਫ਼ਗਾਨਿਸਤਾਨ ਲਈ ਸਰਹੱਦ ਖੋਲ੍ਹੀ ਤਾਂ ਸਾਨੂੰ 'ਚਾਹ ਦਾ ਕੱਪ' ਬਹੁਤ ਮਹਿੰਗਾ ਪਿਆ | ਦਰਅਸਲ, ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਦੂਜੀ ਵਾਰ ਕਬਜ਼ਾ ਕੀਤਾ ਤਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਵਲੋਂ ਗੁਪਤ ਤੌਰ 'ਤੇ ਸਾਬਕਾ ਆਈ. ਐੱਸ. ਆਈ. ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਤਾਲਿਬਾਨ ਨਾਲ ਮੁਲਾਕਾਤ ਲਈ ਅਫ਼ਗਾਨਿਸਤਾਨ ਭੇਜਿਆ ਗਿਆ | ਫ਼ੈਜ਼ ਹਮੀਦ ਦੀ ਕਾਬੁਲ 'ਚ ਤਾਲਿਬਾਨ ਆਗੂਆਂ ਨਾਲ ਚਾਹ ਪੀਂਦਿਆਂ ਦੀ ਫ਼ੋਟੋ ਜਨਤਕ ਹੋਣ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਤਾਂ ਉੱਥੇ ਸਿਰਫ਼ ਚਾਹ ਦਾ ਇਕ ਕੱਪ ਪੀਣ ਗਏ ਸਨ | ਡਾਰ ਨੇ ਕਿਹਾ ਕਿ ਉਸ 'ਚਾਹ ਦੇ ਕੱਪ' ਦੀ ਆੜ 'ਚ ਪਿਛਲੀ ਸਰਕਾਰ ਨੇ ਅਫ਼ਗਾਨਿਸਤਾਨ ਨਾਲ ਪਾਕਿ ਦੀ ਸਰਹੱਦ ਖੋਲ੍ਹ ਦਿੱਤੀ ਸੀ | ਇਸਹਾਕ ਡਾਰ ਨੇ ਸਾਬਕਾ ਪੀ. ਟੀ. ਆਈ. ਸਰਕਾਰ ਦਾ ਨਾਮ ਲਏ ਬਿਨਾਂ ਆਲੋਚਨਾ ਜਾਰੀ ਰੱਖਦਿਆਂ ਕਿਹਾ ਕਿ ਫ਼ੈਜ਼ ਹਮੀਦ ਦੀ ਕਾਬੁਲ ਫੇਰੀ ਤੋਂ ਬਾਅਦ 100 ਤੋਂ ਵਧੇਰੇ ਖ਼ਤਰਨਾਕ ਅਫ਼ਗਾਨ ਅੱਤਵਾਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ |
'ਚਾਹ ਦਾ ਕੱਪ' ਪਾਕਿ ਨੂੰ ਪਿਆ ਮਹਿੰਗਾ-ਇਸਹਾਕ ਡਾਰ <br/>
ਅਜੀਤ ਡੈਸਕ
06-11-2025