ਬਠਿੰਡਾ, 17 ਅਕਤੂਬਰ (ਵੀਰਪਾਲ ਸਿੰਘ)-ਮੌਜੂਦਾ ਖੇਤੀਬਾੜੀ ਸੀਜ਼ਨ ਦੌਰਾਨ ਮੌਸਮ ਦੀ ਗੜਬੜੀ ਦੇ ਚਲਦਿਆਂ ਝੋਨਾ ਅਤੇ ਬਾਸਮਤੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਕਾਰਨ ਝੋਨੇ ਦੀ ਫ਼ਸਲ ਦਾ ਝਾੜ 25 ਤੋਂ 30 ਫ਼ੀਸਦੀ ਘੱਟ ਨਿਕਲਣ ਕਰਕੇ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਝਲਕ ਰਹੀ ਹੈ | ਝੋਨੇ ਅਤੇ ਬਾਸਮਤੀ ਦਾ ਝਾੜ 5 ਤੋਂ 7 ਕੁਇੰਟਲ ਪ੍ਰਤੀ ਏਕੜ ਘੱਟ ਆਉਣ ਕਾਰਨ ਅਤੇ ਸੂਬੇ 'ਚ 3 ਲੱਖ ਹੈਕਟੇਅਰ ਦੇ ਕਰੀਬ ਝੋਨੇ ਦੀ ਫ਼ਸਲ ਬਰਬਾਦ ਹੋਣ ਨਾਲ ਪਏ ਵੱਡੇ ਆਰਥਿਕ ਘਾਟੇ ਨੇ 2025 ਦੇ ਦੀਵਾਲੀ ਦੇ ਤਿਉਹਾਰ ਨੂੰ ਫਿੱਕਾ ਕਰਕੇ ਰੱਖ ਦਿੱਤਾ ਹੈ | ਪੰਜਾਬ ਵਿਚ ਸਾਉਣੀ ਦੇ ਸੀਜ਼ਨ ਦੌਰਾਨ 31 ਲੱਖ ਹੈਕਟੇਅਰ 'ਤੇ ਝੋਨੇ ਅਤੇ ਬਾਸਮਤੀ ਦੀ ਖੇਤੀ ਕੀਤੀ ਗਈ ਸੀ, ਜਿਸ ਵਿਚ 3 ਲੱਖ ਹੈਕਟੇਅਰ ਰਕਬਾ ਹੜ੍ਹਾਂ ਦੀ ਮਾਰ ਕਾਰਨ ਤਬਾਹ ਹੋ ਗਿਆ, ਰਹਿੰਦੇ ਰਕਬੇ ਵਿਚਲੀ ਝੋਨੇ ਦੀ ਫ਼ਸਲ ਮੌਸਮ ਦੀ ਗੜਬੜੀ ਨਾਲ ਵੱਡੀ ਮਾਤਰਾ ਵਿਚ ਪ੍ਰਭਾਵਿਤ ਹੋ ਗਈ, ਜਿਸ ਦਾ ਅÏਸਤ ਝਾੜ 25 ਤੋਂ 30 ਫ਼ੀਸਦੀ ਘੱਟਣ ਨਾਲ ਪੰਜਾਬ ਸਰਕਾਰ ਵਲੋਂ ਚਾਲੂ ਸੀਜ਼ਨ ਦੌਰਾਨ ਝੋਨਾ ਖ਼ਰੀਦ ਦਾ 1.75 ਲੱਖ ਟਨ ਦਾ ਮਿਥਿਆ ਟੀਚਾ 25 ਫ਼ੀਸਦੀ ਘੱਟ ਰਹਿ ਸਕਦਾ ਹੈ | ਮਾਲ ਵਿਭਾਗ ਵਲੋਂ ਸੂਬਾ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿਚ ਹੜ੍ਹ ਦੀ ਮਾਰ ਨਾਲ ਝੋਨੇ ਦੀ ਫ਼ਸਲ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਨਾਲ ਕਿਸਾਨ ਨੂੰ 27.82 ਕਰੋੜ ਦਾ ਵੱਡਾ ਘਾਟਾ ਪੈਣ ਦੀ ਗੱਲ ਆਖੀ ਗਈ ਹੈ | ਚਾਲੂ ਸੀਜ਼ਨ ਵਿਚ ਝੋਨੇ ਦੀ ਫ਼ਸਲ ਦੇ ਝਾੜ ਘੱਟ ਆਉਣ ਨਾਲ ਕਿਸਾਨ 'ਤੇ ਆਰਥਿਕ ਘਾਟੇ ਦੀ ਮਾਰ ਦੇ ਅੰਕੜੇ ਇਸ ਤੋਂ ਤਿੰਨ ਗੁਣਾ ਵੱਧ ਸਕਦੇ ਹਨ, ਜਿਸ ਨਾਲ ਪਹਿਲਾਂ ਹੀ ਨਾਜ਼ੁਕ ਦੌਰ ਵਿਚ ਗੁਜ਼ਰ ਰਿਹਾ ਪੰਜਾਬ ਦਾ ਖੇਤੀ ਸੈਕਟਰ ਲੜਖੜਾਉਣ ਨਾਲ ਸੂਬੇ ਦੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਹੋਰ ਭਾਰੂ ਪੈ ਸਕਦੀਆਂ ਹਨ | ਮੀਡੀਆ ਰਿਪੋਰਟਾਂ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ 1,05,200 ਕਰੋੜ ਦੇ ਕਰੀਬ ਖੇਤੀ ਕਰਜ਼ਾ ਚੜਿਆ ਹੋਇਆ ਹੈ, ਆੜ੍ਹਤੀਆਂ ਦਾ ਕਰਜ਼ੇ ਦੇ ਬੋਝ ਇਨ੍ਹਾਂ ਅੰਕੜਿਆਂ ਤੋਂ ਵੀ ਵੱਧ ਹੋ ਸਕਦਾ ਹੈ | ਦੇਸ਼ ਦੇ ਲੋਕਾਂ ਲਈ 40 ਫ਼ੀਸਦੀ ਤੋਂ ਵੱਧ ਅਨਾਜ ਪੈਦਾ ਕਰਕੇ ਭਾਰਤ ਦੇ 150 ਕਰੋੜ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ 'ਤੇ ਲਗਾਤਾਰ ਆਰਥਿਕ ਬੋਝ ਵੱਧ ਰਿਹਾ ਹੈ | ਇਨ੍ਹਾਂ ਸਾਰੇ ਅੰਕੜਿਆਂ ਤੋਂ ਸਪੱਸ਼ਟ ਹੈ ਕਿ 2025 ਦੀ ਦੀਵਾਲੀ ਦਾ ਤਿਉਹਾਰ ਪੰਜਾਬ ਦੇ ਕਿਸਾਨਾਂ 'ਤੇ ਫਿੱਕਾ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ | ਕਿਸਾਨਾਂ ਦੀ ਇਨ੍ਹਾਂ ਸਮੱਸਿਆ ਦੇ ਬਾਰੇ 'ਅਜੀਤ' ਵਲੋਂ ਖੇਤੀ ਮਾਹਿਰ ਸਾਬਕਾ ਪ੍ਰੋ. ਜਸਵੰਤ ਸਿੰਘ ਬਰਾੜ, ਹਰਜੀਤ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ ਅਤੇ ਕਿਸਾਨ ਜਥੇਬੰਦੀ ਆਗੂਆਂ ਸਰੂਪ ਸਿੰਘ ਰਾਮਾਂ, ਨੱਥਾ ਸਿੰਘ ਬਰਾੜ, ਕੁਲਵੰਤ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ ਬਰਾੜ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਸਾਨਾਂ ਦੀ ਸਮੱਸਿਆ ਬਾਰੇ ਦੱਸਿਆ ਕਿ ਫ਼ਸਲ ਦੇ ਲਾਗਤ ਖ਼ਰਚੇ ਦਿਨ-ਬ-ਦਿਨ ਵੱਧ ਰਹੇ ਹਨ | ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਵਿਚ ਨਗੂਣਾ ਜਿਹਾ ਵਾਧਾ ਕਰਕੇ ਕੇਂਦਰੀ ਸਰਕਾਰ ਵਲੋਂ ਢੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਠੇਕੇ 'ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਫ਼ਸਲਾਂ 'ਤੇ ਪਈ ਕੁਦਰਤੀ ਮਾਰ ਕਾਰਨ ਕਰਜ਼ੇ ਦੇ ਬੋਝ ਨੂੰ ਘੱਟ ਕਰਨ ਲਈ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਰਹੇ ਹਨ | ਸੂਬੇ ਦਾ ਛੋਟਾ ਕਿਸਾਨ ਬਹੁਤ ਮਾੜੀ ਸਥਿਤੀ ਵਿਚ ਲੰਘ ਰਿਹਾ ਹੈ, ਬਹੁਤ ਅਜਿਹੇ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਜਿਨੀ ਜ਼ਮੀਨ ਹੈ, ਉਸ ਤੋਂ ਵਧੇਰੇ ਉਨ੍ਹਾਂ ਸਿਰ ਕਰਜ਼ੇ ਚੜ੍ਹੇ ਹੋਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਲੰਘੇ 2 ਦਹਾਕਿਆਂ ਵਿਚ ਪੰਜਾਬ 'ਚ 25000 ਤੋਂ ਵੱਧ ਕਿਸਾਨਾਂ ਵਲੋਂ ਕਰਜ਼ੇ ਦੇ ਬੋਝ ਦੇ ਚੱਲਦਿਆਂ ਖ਼ੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਦੇਸ਼ ਖੇਤੀ ਸੈਕਟਰ ਨੂੰ ਬਚਾਉਣ ਲਈ ਸਖਾਈ ਪਾਲਿਸੀਆਂ ਦੇ ਪ੍ਰਬੰਧ ਕਰਕੇ ਸਖਾਈ ਫ਼ਸਲੀ ਬੀਮਾ ਦੇ ਪ੍ਰਬੰਧ ਲਈ ਚੰਗੀਆਂ ਕੰਪਨੀਆਂ ਨਾਲ ਸੰਪਰਕ ਬਣਾਕੇ ਕਿਸਾਨਾਂ ਨੂੰ ਗਰਾਊਾਡ ਪੱਧਰ 'ਤੇ ਫ਼ਸਲੀ ਬੀਮੇ ਬਾਰੇ ਜਾਣਕਾਰੀ ਦੇਕੇ ਕਿਸਾਨ ਨੂੰ ਫ਼ਸਲੀ ਬੀਮੇ ਨਾਲ ਜੋੜਿਆ ਜਾ ਸਕੇ | ਉਨ੍ਹਾਂ ਮੌਜੂਦਾ ਸਥਿਤੀ ਨੂੰ ਲੈ ਕੇ ਝੋਨੇ ਦੀ ਫ਼ਸਲ ਦੇ ਝਾੜ ਘੱਟ ਰਹਿਣ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 200 ਪ੍ਰਤੀ ਕੁਇੰਟਲ ਬੋਨਸ ਦਿੱਤੇ ਜਾਣ ਦੀ ਮੰਗ ਕੀਤੀ ਗਈ |
ਝੋਨੇ ਦੀ ਫ਼ਸਲ ਦੇ ਘੱਟ ਝਾੜ ਨੇ ਪੰਜਾਬ ਦਾ ਅੰਨਦਾਤਾ ਝੰਜੋੜਿਆ ਆਰਥਿਕ ਲੱਕ ਟੁੱਟਣ ਨਾਲ ਕਿਸਾਨਾਂ ਦੀ ਦੀਵਾਲੀ ਪਈ ਫਿੱਕੀ
ਅਜੀਤ ਡੈਸਕ
18-10-2025