ਜ਼ੀਰਾ, 31 ਅਗਸਤ (ਰਜਨੀਸ਼ ਕਥੂਰੀਆ)-ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਜਿਊਲਰਜ਼ ਹਮਲੇ ਵਿਚ ਸ਼ਾਮਲ ਮੁੱਖ ਸ਼ੂਟਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਰੋਸ਼ਨ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਤਰਨਤਾਰਨ ਵਜੋਂ ਹੋਈ ਹੈ | ਮੁਲਜ਼ਮ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ | ਜਾਣਕਾਰੀ ਅਨੁਸਾਰ 14 ਅਗਸਤ 2025 ਨੂੰ ਸ਼ਾਮ 6 ਵਜੇ ਦੇ ਕਰੀਬ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਇਕ ਜਿਊਲਰੀ ਸ਼ਾਪ ਦੇ ਮਾਲਕ ਰਤਨ ਲਾਲ 'ਤੇ ਗੋਲੀਬਾਰੀ ਕੀਤੀ ਸੀ ਤੇ ਇਸ ਹਮਲੇ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਨੇ ਵਿਦੇਸ਼ ਆਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਇਸ਼ਾਰਿਆਂ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ | ਇਸ ਆਪੇ੍ਰਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਏ.ਜੀ.ਟੀ.ਐੱਫ.ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਡੀ. ਐਸ. ਪੀ. ਏ. ਜੀ. ਟੀ. ਐਫ. ਰਾਜਨ ਪਰਮਿੰਦਰ ਦੀ ਅਗਵਾਈ ਵਿਚ ਏ. ਜੀ. ਟੀ. ਐਫ. ਦੀਆਂ ਪੁਲਿਸ ਟੀਮਾਂ ਨੇ ਜ਼ੀਰਾ ਨੇੜੇ ਪਿੰਡ ਮਨਸੂਰਦੇਵਾ ਵਿਚ ਝਤਰਾ ਰੋਡ 'ਤੇ ਨਹਿਰ ਦੇ ਪੁਲ ਤੋਂ ਦੋਸ਼ੀ ਜਗਰੋਸ਼ਨ ਨੂੰ ਗਿ੍ਫ਼ਤਾਰ ਕਰ ਲਿਆ | ਏ.ਡੀ.ਜੀ.ਪੀ. ਨੇ ਦੱਸਿਆ ਕਿ ਜਗਰੋਸ਼ਨ ਜਿਊਲਰਜ਼ ਹਮਲੇ ਸਬੰਧੀ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ ਤੇ ਉਹ ਇਸ ਹਮਲੇ ਵਿਚ ਮੁੱਖ ਸ਼ੂਟਰ ਸੀ |
ਜ਼ੀਰਾ ਦੇ ਸੁਨਿਆਰੇ 'ਤੇ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ
ਅਜੀਤ ਡੈਸਕ
01-09-2025