ਭੁੱਚੋ ਮੰਡੀ, 21 ਜੁਲਾਈ (ਬਿੱਕਰ ਸਿੰਘ ਸਿੱਧੂ)-ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹਰਾਹ ਉੱਪਰ ਭੁੱਚੋ ਕੈਂਚੀਆਂ ਵਿਖੇ ਸ਼ਾਮ ਦੇ ਚਾਰ ਵਜੇ ਦੇ ਕਰੀਬ ਇੱਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਤਿੰਨ ਲੜਕੇ ਤੇ ਇੱਕ ਲੜਕੀ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ | ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਵਿਫ਼ਟ ਕਾਰ ਨੰਬਰ ਪੀ.ਬੀ. 03 ਬੀ.ਐਫ 8694 ਵਿਚ ਸਵਾਰ ਇਹ ਚਾਰ ਵਿਅਕਤੀ ਬਠਿੰਡਾ ਤੋਂ ਰਾਮਪੁਰੇ ਵੱਲ ਨੂੰ ਜਾ ਰਹੇ ਸਨ, ਕਿ ਭੁੱਚੋ ਕੈਂਚੀਆਂ 'ਤੇ ਬਣੇ ਪੁਲ ਨੂੰ ਪਾਸ ਕਰਦੇ ਸਾਰ ਹੀ ਟੋਲ ਪਲਾਜ਼ਾ ਦੇ ਨਜ਼ਦੀਕ ਗੱਡੀ ਦਾ ਟਾਇਰ ਫਟਣ ਕਾਰਨ ਕਾਰ ਡਿਵਾਈਡਰ ਟੱਪ ਕੇ ਸੜਕ ਦੇ ਦੂਸਰੇ ਪਾਸੇ ਰਾਮਪੁਰਾ ਸਾਈਡ ਤੋਂ ਆ ਰਹੇ ਇੱਕ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਇਨ੍ਹਾਂ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਐੱਸ. ਐੱਚ. ਓ. ਥਾਣਾ ਕੈਂਟ ਦਲਜੀਤ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਮਿ੍ਤਕਾਂ ਦੀ ਪਹਿਚਾਣ ਮਨਜਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਹਰਮਨ ਸਿੰਘ ਤਿੰਨੇ ਵਾਸੀ ਮੰਡੀ ਕਲਾਂ ਤੇ ਰਮਨਪ੍ਰੀਤ ਕੌਰ ਵਾਸੀ ਮਹਿਤਾ ਵਜੋਂ ਹੋਈ ਹੈ |
ਬਠਿੰਡਾ ਵਿਖੇ ਪੇਪਰ ਦੇ ਕੇ ਵਾਪਸ ਆ ਰਹੇ ਸਨ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)- ਪਿੰਡ ਦੇ ਤਿੰਨ ਨੌਜਵਾਨਾਂ ਦੀ ਹਾਦਸੇ 'ਚ ਮੌਤ ਹੋ ਜਾਣ ਕਾਰਨ ਨੇੜਲੇ ਪਿੰਡ ਮੰਡੀ ਕਲਾਂ (ਬਠਿੰਡਾ) ਵਿਖੇ ਸੋਗ ਦੀ ਲਹਿਰ ਦੌੜ ਗਈ | ਸਵਿਫ਼ਟ ਕਾਰ 'ਚ ਸਵਾਰ ਨੌਜਵਾਨ ਬਠਿੰਡਾ ਵਿਖੇ ਪੇਪਰ ਦੇਣ ਗਏ ਸਨ | ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨੇ ਮਿ੍ਤਕ ਨੌਜਵਾਨ ਮਨਜਿੰਦਰ ਸਿੰਘ (20) ਪੁੱਤਰ ਮਿਸਤਰੀ ਮੇਵਾ ਸਿੰਘ ਅਤੇ ਜੋਬਨਪ੍ਰੀਤ ਸਿੰਘ (20) ਪੁੱਤਰ ਜਗਸੀਰ ਸਿੰਘ ਦੋਵੇਂ ਬਠਿੰਡਾ ਤੋਂ ਆਈ.ਟੀ.ਆਈ ਦੀ ਪੜ੍ਹਾਈ ਕਰ ਰਹੇ ਸਨ, ਜਦਕਿ ਹਰਮਨ ਸਿੰਘ (20) ਪੁੱਤਰ ਸਵ. ਜਸਪਾਲ ਸਿੰਘ ਫ਼ੌਜੀ ਰਾਮਪੁਰਾ ਦੇ ਇੱਕ ਕਾਲਜ 'ਚ ਬੀ.ਏ ਸਮੈਸਟਰ 2 ਦਾ ਵਿਦਿਆਰਥੀ ਸੀ |
ਕਾਰ ਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਇੱਕ ਲੜਕੀ ਸਮੇਤ ਚਾਰ ਜਣਿਆਂ ਦੀ ਮੌਤ <br/>
ਅਜੀਤ ਡੈਸਕ
22-07-2025