ਪਟਨਾ, 20 ਜੁਲਾਈ (ਏਜੰਸੀ)-ਪਟਨਾ ਦੇ ਇਕ ਨਿੱਜੀ ਹਸਪਤਾਲ 'ਚ ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਦੇ ਮੁੱਖ ਦੋਸ਼ੀ ਤੇ ਉਸ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ 'ਚ ਮੁੱਖ ਦੋਸ਼ੀ ਤੌਸੀਫ਼ ਉਰਫ਼ ਬਾਦਸ਼ਾਹ, ਉਸ ਦਾ ਸਾਥੀ ਨਿਸ਼ੂ ਖਾਨ ਤੇ ਦੋ ਹੋਰ ਸ਼ਾਮਿਲ ਹਨ | ਬਿਹਾਰ ਤੇ ਪੱਛਮੀ ਬੰਗਾਲ ਦੀ ਪੁਲਿਸ ਨੇ ਸਨਿਚਰਵਾਰ ਸ਼ਾਮ ਕੋਲਕਾਤਾ 'ਚ ਇਕ ਸਾਂਝੀ ਕਾਰਵਾਈ ਦੌਰਾਨ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਅਤੇ ਬਾਅਦ 'ਚ ਪਟਨਾ ਲਿਆਂਦਾ ਗਿਆ | ਤੌਸੀਫ਼ ਆਰਮਜ਼ ਐਕਟ ਦੇ ਇਕ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਸੀ | ਪਟਨਾ ਦੇ ਐਸ.ਐਸ.ਪੀ. ਕਾਰਤੀਕੇਅ ਕੇ. ਸ਼ਰਮਾ ਨੇ ਕਿਹਾ ਕਿ ਚਾਰਾਂ ਨੂੰ ਇਥੇ ਇਕ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਏਗੀ | ਜ਼ਿਕਰਯੋਗ ਹੈ ਕਿ ਪਟਨਾ ਦਾ ਵਾਸੀ ਚੰਦਨ ਮਿਸ਼ਰਾ ਜੋ ਹੱਤਿਆ ਦੇ ਮਾਮਲੇ 'ਚ ਦੋਸ਼ੀ ਸੀ ਤੇ ਪੈਰੋਲ 'ਤੇ ਬਾਹਰ ਸੀ, ਦੀ ਵੀਰਵਾਰ ਸਵੇਰੇ ਪਟਨਾ ਦੇ ਇਕ ਨਿੱਜੀ ਹਸਪਤਾਲ ਅੰਦਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਪੁਲਿਸ ਨੇ ਦੱਸਿਆ ਕਿ ਉਸ ਨੇ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ |