ਚੰਡੀਗੜ੍ਹ, 19 ਜੁਲਾਈ (ਅਜਾਇਬ ਸਿੰਘ ਔਜਲਾ)-ਅਨਮੋਲ ਗਗਨ ਮਾਨ ਦਾ ਖਰੜ ਵਿਧਾਨ ਸਭਾ ਤੋਂ ਵਿਧਾਇਕ ਦੇ ਤੌਰ 'ਤੇ ਅਸਤੀਫ਼ਾ , ਖਰੜ ਦੀ ਜਨਤਾ ਵਲੋਂ ਪੰਜ ਸਾਲ ਲਈ ਦਿੱਤੇ ਗਏ ਜਨਾਦੇਸ਼ ਨਾਲ ਧੋਖਾ ਹੈ | ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਦਾ, ਜੋ ਪਿਛਲੇ ਚਾਰ ਸਾਲਾਂ ਤੋਂ ਖਰੜ ਦੀ ਜਨਤਾ ਦੀ ਸੇਵਾ 'ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਅਨਮੋਲ ਤੋਂ ਪਹਿਲਾਂ ਬਣੇ 'ਆਪ' ਦੇ ਵਿਧਾਇਕ ਕੰਵਰ ਸੰਧੂ ਚਾਰ ਸਾਲ ਲੋਕਾਂ 'ਚ ਨਹੀਂ ਆਏ ਤੇ ਹੁਣ ਤਿੰਨ ਸਾਲ 'ਚ ਮੌਜੂਦਾ ਵਿਧਾਇਕ ਅਨਮੋਲ ਦਾ ਅਸਤੀਫ਼ਾ ਸਾਫ਼ ਦੱਸਦਾ ਹੈ ਕਿ 'ਆਪ' ਖਰੜ ਨਾਲ ਵਾਰ-ਵਾਰ ਗ਼ਲਤ ਉਮੀਦਵਾਰ ਦੇ ਕੇ ਧੋਖਾ ਕਰ ਰਹੀ ਹੈ | ਵਿਨੀਤ ਜੋਸ਼ੀ ਨੇ ਦੋਸ਼ ਲਗਾਇਆ ਕਿ ਅਨਮੋਲ ਗਗਨ ਮਾਨ ਦੇ ਪਿਛਲੇ ਤਿੰਨ ਸਾਲ-ਚਾਰ ਮਹੀਨੇ ਖਰੜ ਵਿਧਾਨ ਸਭਾ ਲਈ ਇੱਕ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ | ਖਰੜ ਸ਼ਹਿਰ, ਕੁਰਾਲੀ, ਨਿਊ ਚੰਡੀਗੜ੍ਹ, ਨਯਾਗਾਂਵ ਮਿਊਾਸੀਪਲ ਕਮੇਟੀ ਤੇ ਜ਼ਿਆਦਾਤਰ ਪਿੰਡਾਂ ਦੇ ਲੋਕ ਆਪਣੀ ਵਿਧਾਇਕ (ਜੋ ਕੁੱਝ ਸਮਾਂ ਮੰਤਰੀ ਵੀ ਰਹੀ) ਦੀ ਆਮਦ ਵੇਖਣ ਲਈ ਤਰਸ ਗਏ ਸਨ | ਜੋਸ਼ੀ ਨੇ ਤੰਜ ਕੱਸਦੇ ਹੋਏ ਕਿਹਾ ਜੇ ਸਿਆਸਤ ਛੱਡਣੀ ਹੀ ਸੀ, ਤਾਂ ਸਿਆਸਤ 'ਚ ਕਿਉਂ ਆਏ ਸੀ?