ਨਵਾਂ ਪਿੰਡ, 16 ਜੁਲਾਈ (ਜਸਪਾਲ ਸਿੰਘ)-ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਦੀ ਜੰਮਪਲ ਹਰਪ੍ਰੀਤ ਕੌਰ ਜੱਜ ਨੇ ਹਿਊਸਟਨ, ਟੈਕਸਾਸ ਵਿਖੇ ਹੋਈ ਮਿਸਿਜ਼ ਯੂਨੀਵਰਸ ਪ੍ਰਤੀਯੋਗਿਤਾ 'ਚ ਮਿਸਿਜ਼ ਯੂਨੀਵਰਸ ਸਾਊਥਵੈਸਟ ਯੂ. ਐੱਸ. ਏ. 2025 ਦਾ ਖਿਤਾਬ ਜਿੱਤ ਕੇ ਪੰਜਾਬੀਆਂ ਤੇ ਪੂਰੇ ਭਾਰਤੀਆਂ ਦਾ ਮਾਣ ਸਨਮਾਨ ਵਧਾਇਆ | ਇਸ ਪ੍ਰਤੀਯੋਗਿਤਾ 'ਚ ਟੈਕਸਾਸ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਕਾਬਲ, ਸੁੰਦਰ ਅਤੇ ਉਦੇਸ਼ ਭਰਪੂਰ ਔਰਤਾਂ ਨੇ ਹਿੱਸਾ ਲਿਆ | ਹਰਪ੍ਰੀਤ ਕੌਰ ਜੱਜ ਨੇ ਸਿਰਫ ਇਹ ਮੁੱਖ ਖਿਤਾਬ ਹੀ ਨਹੀਂ ਜਿੱਤਿਆ, ਬਲਕਿ ਪ੍ਰਸਿੱਧਤਾ ਐਵਾਰਡ ਵੀ ਆਪਣੇ ਨਾਂਅ ਕੀਤਾ, ਜੋ ਉਨ੍ਹਾਂ ਨੂੰ ਬ੍ਰੈਸਟ ਕੈਂਸਰ (ਔਰਤਾਂ ਦੀ ਸ਼ਾਤੀ ਦਾ ਕੈਂਸਰ) ਪ੍ਰਤੀ ਜਾਗਰੂਕਤਾ ਮੁਹਿੰਮ ਲਈ ਫੰਡ ਪ੍ਰਬੰਧ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਣ 'ਤੇ ਮਿਲਿਆ | ਬ੍ਰੈਸਟ ਕੈਂਸਰ ਜਾਗਰੂਕਤਾ ਲਈ ਕੀਤਾ ਗਿਆ ਉਨ੍ਹਾਂ ਦਾ ਯਤਨ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ, ਜਿਸਦਾ ਸਬੂਤ ਉਨ੍ਹਾਂ ਨੂੰ ਮਿਲਿਆ ਭਾਰੀ ਸਮਰਥਨ ਰਿਹਾ | ਉਹ ਪਹਿਲਾਂ ਮਿਸ ਪੰਜਾਬੀ ਪੀ. ਟੀ. ਸੀ. 'ਚ ਵੀ ਭਾਗ ਲੈ ਚੁੱਕੀ ਹੈ | ਹਰਪ੍ਰੀਤ ਕੌਰ ਹੁਣ ਮਿਸਿਜ਼ ਯੂਨੀਵਰਸ ਇੰਟਰਨੈਸ਼ਨਲ 2026 'ਚ ਯੂ. ਐੱਸ. ਏ. ਦੀ ਨੁਮਾਇੰਦਗੀ ਕਰਨਜਾ ਰਹੀ ਹੈ |