07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬਰਸਾਤਾਂ ਨੇ ਸਤਲੁਜ 'ਚ ਪਾਣੀ ਦੇ ਪੱਧਰ ਨੂੰ ਵਧਾਇਆ <br/>

ਅਜੀਤ ਡੈਸਕ 17-07-2025
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 16 ਜੁਲਾਈ-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਅੰਦਰ ਪਾਣੀ ਦਾ ਪੱਧਰ ਵਧਣ ਲੱਗਿਆ ਹੈ | ਜਿਸ ਦੇ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਹੈ | ਹਾਲਾਂਕਿ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਕਹੀ ਜਾ ਰਹੀ | ਸਾਰੀ ਸਥਿਤੀ ਨੂੰ ਕੰਟਰੋਲ ਵਿਚ ਦੱਸਿਆ ਜਾ ਰਿਹਾ ਹੈ | ਬਾਵਜੂਦ ਇਸਦੇ ਲੋਕ ਵਧਦੇ ਪਾਣੀ ਦੇ ਪੱਧਰ ਨਾਲ ਡਰੇ ਦਿਖਾਈ ਦੇ ਰਹੇ ਹਨ | ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਸਤਲੁਜ ਕੰਡੇ ਤੇ ਸਤਲੁਜ ਦੀ ਫਾਟ ਵਿਚ ਬੈਠੇ ਪਿੰਡ ਮਹਾਤਮ ਨਗਰ, ਰੇਤੇ ਵਾਲੀ ਭੈਣੀ, ਰਾਮ ਸਿੰਘ ਭੈਣੀ, ਤੇਜਾ ਰੁਹੇਲਾ, ਦੋਨਾ ਨਾਨਕਾ,ਗੁਲਾਬਾ ਭੈਣੀ, ਝੰਗੜ ਭੈਣੀ, ਢਾਣੀ ਸੱਦਾ ਸਿੰਘ ਆਦਿ ਪਿੰਡਾਂ ਦੇ ਲੋਕ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਡਰੇ ਹੋਏ ਹਨ | ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਤੇ ਉਸ ਦੀ ਕ੍ਰੀਰ ਵਿਚ ਅਚਾਨਕ ਪਿਛਲੇ ਦਿਨ ਤੋਂ ਪਾਣੀ ਦਾ ਪੱਧਰ ਵੱਧ ਗਿਆ ਹੈ | ਹਾਲਾਤ ਇਹ ਹਨ ਕਿ ਦਰਿਆ 'ਚ ਲੱਗੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ | ਢਾਣੀਆਂ ਦੇ ਨਾਲ ਲੱਗਦੇ ਖੇਤਾਂ ਤੱਕ ਪਾਣੀ ਲੱਗ ਰਿਹਾ ਹੈ | ਮਹਿਜ਼ ਫੁੱਟ, ਡੇਢ ਫੁੱਟ ਪਾਣੀ ਖੇਤਾਂ ਤੋਂ ਨੀਵਾਂ ਹੈ | ਪਰ ਪਾਣੀ ਦੀ ਮਾਰ ਖੇਤਾਂ ਨੂੰ ਪੈ ਰਹੀ ਹੈ ਤੇ ਮਿੱਟੀ ਦੀਆਂ ਖੰਮਾਂ ਡਿਗ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਅਚਾਨਕ ਕਿਧਰੇ ਪਾਣੀ ਦਾ ਪੱਧਰ ਵੱਧ ਨਾ ਜਾਵੇ | ਉਨ੍ਹਾਂ ਦੱਸਿਆ ਕਿ ਜਿੱਥੇ ਸਰਹੱਦੀ ਇਲਾਕੇ ਨੂੰ ਸਤਲੁਜ ਦਰਿਆ ਲੱਗਦਾ ਹੈ ਉੱਥੇ ਹੀ ਪਾਕਿਸਤਾਨ ਦੇ ਦਰਿਆ ਵੀ ਇਸ ਇਲਾਕੇ ਦੇ ਨਾਲੋਂ ਲੰਘਦੇ ਹਨ | ਜਿਸ ਕਰਕੇ ਉਨ੍ਹਾਂ ਨੂੰ ਹੜ੍ਹਾਂ ਦਾ ਖ਼ਤਰਾ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਦਰਿਆ ਦੇ ਵਿਚ ਅਤੇ ਨਾਲ ਲੱਗਦੀਆਂ ਕੁੱਝ ਥਾਵਾਂ 'ਤੇ ਪਾਣੀ ਦੀ ਮਾਰ ਫ਼ਸਲਾਂ ਨੂੰ ਵੱਜੀ ਹੈ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਅੰਦਰ ਕਦੋਂ ਪਾਣੀ ਵਧਦਾ ਹੈ ਇਸ ਦੇ ਉੱਪਰ ਉਹ ਨਜ਼ਰ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਇਤਨੇ ਮਾੜੇ ਹਾਲਾਤ ਹੋ ਜਾਂਦੇ ਹਨ, ਜਿੱਥੇ ਖੇਤਾਂ ਦੇ ਖੇਤ ਪਾਣੀ ਵਿਚ ਡੁੱਬ ਜਾਂਦੇ ਹਨ ਉੱਥੇ ਹੀ ਢਾਣੀਆਂ ਦੇ ਘਰਾਂ ਤੱਕ ਪਾਣੀ ਦਾਖ਼ਲ ਹੋ ਜਾਂਦਾ ਹੈ | ਸੜਕਾਂ ਤੱਕ ਟੁੱਟ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਇਕ ਹੋਰ ਵੱਡੀ ਤਰਾਸਦੀ ਹੈ ਕਿ ਕਈ ਪਿੰਡਾਂ ਨੂੰ ਕਾਂਵਾਵਾਲੀ ਦਾ ਇਕੋ ਹੀ ਪੁਲ ਬਾਹਰ ਨਿਕਲਣ ਨੂੰ ਲੱਗਦਾ ਹੈ | ਸਤਲੁਜ ਦਰਿਆ ਦੇ ਵੱਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਵੀ ਚੌਕਸ ਦਿਖਾਈ ਦੇ ਰਿਹਾ ਹੈ | ਹੜ੍ਹਾਂ ਦੀ ਮਾਰ ਤੋਂ ਆਪਣਾ ਬਚਾਅ ਕਰਨ ਲਈ ਅੱਜ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸਰਹੱਦੀ ਇਲਾਕੇ ਦੇ ਪਿੰਡ ਕਾਂਵਾਵਾਲੀ ਦੇ ਪੁਲ 'ਤੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਮੋਕ ਡਰਿੱਲ ਕੀਤੀ ਗਈ | ਉੱਧਰ ਦੂਸਰੇ ਪਾਸੇ ਮੌਕੇ 'ਤੇ ਪਹੁੰਚੇ ਜਲਾਲਾਬਾਦ ਦੀ ਨਾਇਬ ਤਹਿਸੀਲਦਾਰ ਸ਼ਾਨੂ ਨੇ ਦੱਸਿਆ ਕਿ ਫ਼ਿਲਹਾਲ ਹਾਲੇ ਖ਼ਤਰੇ ਵਾਲੀ ਕੋਈ ਸਥਿਤੀ ਨਹੀਂ ਹੈ | ਪਰ ਇਹਤਿਆਤ ਦੇ ਤੌਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂ ਕਿ ਪਿੱਛੇ ਸਾਰੀ ਸਥਿਤੀ ਕੰਟਰੋਲ ਵਿਚ ਹੈ ਇਹ ਬਰਸਾਤਾਂ ਦਾ ਪਾਣੀ ਹੈ | ਜਿਸ ਦਾ ਪੱਧਰ ਘੱਟ ਸਕਦਾ ਹੈ |

ਪਿਛਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਕੀ ਦੀ ਨਿਖੇਧੀ ਅਗਲੀ ਖ਼ਬਰ ਮੈਡੀਮੈਕਸ ਨੇ ਅੰਮਿ੍ਤਾ ਖਾਨਵਿਲਕਰ ਨੂੰ ਆਪਣੀ ਨਵਾਂ ਬ੍ਰਾਂਡ ਅੰਬੈਸਡਰ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।