ਅਬੋਹਰ, 15 ਜੁਲਾਈ (ਸੁਖਜੀਤ ਸਿੰਘ ਬਰਾੜ)-ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੀਆਂ ਨਾਮੀ ਗੈਂਗਸਟਰ ਆਰਜ਼ੂ ਬਿਸ਼ਨੋਈ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਅਬੋਹਰ ਤੋਂ 2022 ਵਿਧਾਨ ਸਭਾ ਚੋਣਾਂ ਵਿਚ 'ਆਪ' ਦੇ ਉਮੀਦਵਾਰ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਵਿਧਾਇਕ ਗੋਲਡੀ ਮੁਸਾਫ਼ਿਰ 'ਤੇ ਲਗਾਏ ਦੋਸ਼ਾਂ ਕਾਰਨ ਸਾਰਾ ਦਿਨ ਇਲਾਕੇ ਵਿਚ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ | ਦੱਸਣਾ ਬਣਦਾ ਹੈ ਕਿ ਸੰਜੇ ਵਰਮਾ ਕਤਲ ਦੀ ਜ਼ਿੰਮੇਵਾਰੀ ਵਾਲੀ ਪੋਸਟ ਆਰਜ਼ੂ ਬਿਸ਼ਨੋਈ ਵਲੋਂ ਪਾਈ ਗਈ ਸੀ | ਜੋ ਕਿ ਬੱਲੂਆਣਾ ਹਲਕੇ ਵਿਚ ਹੀ ਆਉਂਦੇ ਪਿੰਡ ਰਾਜਾਂਵਾਲੀ ਦਾ ਰਹਿਣ ਵਾਲਾ ਹੈ ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਨ ਚਰਚਾ ਵਿਚ ਆਇਆ ਸੀ | ਹੁਣ ਸੋਸ਼ਲ ਮੀਡੀਆ 'ਤੇ ਆਰਜ਼ੂ ਬਿਸ਼ਨੋਈ ਦੀ ਵਿਧਾਇਕ ਗੋਲਡੀ ਮੁਸਾਫ਼ਿਰ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ | ਕੁਲਦੀਪ ਕੁਮਾਰ ਦੀਪ ਕੰਬੋਜ ਨੇ ਤਾਂ ਦੋਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕੇਂਦਰੀ ਜਾਂਚ ਏਜੰਸੀਆਂ ਤੋਂ ਇਸ ਦੀ ਜਾਂਚ ਦੀ ਵੀ ਮੰਗ ਕੀਤੀ ਹੈ | ਜਦੋਂ ਇਸ ਸਬੰਧੀ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸਨੂੰ ਸਿਆਸੀ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਗੈਂਗਸਟਰ ਆਰਜ਼ੂ ਬਿਸ਼ਨੋਈ ਨਾਲ ਕੋਈ ਸਬੰਧ ਨਹੀਂ ਹੈ | ਉਹ ਤਾਂ ਆਰਜ਼ੂ ਬਿਸ਼ਨੋਈ ਨੂੰ ਜਾਣਦਾ ਤੱਕ ਨਹੀਂ | 2022 ਵਿਚ ਮੈਂ ਹਲਕਾ ਬੱਲੂਆਣਾ ਤੋਂ ਚੋਣ ਲੜੀ ਸੀ, ਹੋ ਸਕਦਾ ਚੋਣ ਪ੍ਰਚਾਰ ਦੌਰਾਨ ਆਰਜ਼ੂ ਬਿਸ਼ਨੋਈ ਨੇ ਉਸ ਨਾਲ ਤਸਵੀਰ ਕਰਵਾ ਲਈ ਹੋਵੇ |