ਫ਼ਰੀਦਕੋਟ, 18 ਨਵੰਬਰ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਸਿੱਖਿਆ ਦੇ ਖੇਤਰ 'ਚ ਡਾ. ਕਮਲਜੀਤ ਕੌਰ ਦੀ ਵਿਲੱਖਣ ਪ੍ਰਾਪਤੀ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ 'ਅਚੀਵਰ ਐਵਾਰਡ' ਨਾਲ ਨਿਵਾਜਿਆ ਗਿਆ ਹੈ | ਪੀ.ਐਚ.ਡੀ. ਸਣੇ 13 ਡਿਗਰੀਆਂ (7 ਮਾਸਟਰਜ਼ ਅਤੇ 5 ਪੀ.ਜੀ. ਡਿਪਲੋਮਾ) ਹਾਸਿਲ ਕਰਨ ਵਾਲੇ ਪ੍ਰੋਫੈਸਰ ਕਮਲਜੀਤ ਕੌਰ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਪ੍ਰੇਰਨਾਦਾਇਕ ਹਸਤੀ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ | ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਉਹ ਪਰਿਵਾਰ ਦੇ ਵੱਡਮੁੱਲੇ ਯੋਗਦਾਨ ਸਦਕਾ ਇਹ ਮਾਣ-ਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ | ਉਨ੍ਹਾਂ ਇਸ ਪ੍ਰਾਪਤੀ ਨੂੰ ਆਪਣੇ ਸਵਰਗੀ ਪਿਤਾ ਦਾ ਸੁਪਨਾ ਤੇ ਮਾਤਾ ਵਲੋਂ ਦਿਨ-ਰਾਤ ਕੀਤੀਆਂ ਅਰਦਾਸਾਂ ਦਾ ਫਲ ਦੱਸਿਆ | ਪ੍ਰੋ.ਕਮਲਜੀਤ ਕੌਰ ਦਾ ਮੰਨਣਾ ਹੈ ਕਿ ਸਿੱਖਣ ਦੀ ਨਾ ਉਮਰ-ਨਾ ਸੀਮਾ | ਡਾ. ਕਮਲਜੀਤ ਕੌਰ ਦਾ 20 ਸਾਲ ਤਜਰਬਾ ਹੈ ਤੇ ਉਹ ਦੇਸ਼ ਭਰ ਦੇ ਕਈ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਅਧਿਆਪਨ ਅਤੇ ਪ੍ਰਸ਼ਾਸਨਿਤ ਜ਼ਿੰਤੇਵਾਰੀਆਂ ਨਿਭਾ ਚੁੱਕੇ ਹਨ | ਉਹ ਹੁਣ ਆਲਮੀ ਦਰਜਾ ਪ੍ਰਾਪਤ ਚੰਡੀਗੜ੍ਹ ਯੂਨੀਵਰਸਿਟੀ 'ਚ ਐਸੋਸੀਏਟ ਡੀਨ (ਪ੍ਰੀਖਿਆਵਾਂ) ਦੇ ਉੱਚ ਅਹੁਦੇ 'ਤੇ ਤਾਇਨਾਤ ਹਨ ਤੇ ਸਿੱਖਿਆ ਖੇਤਰ 'ਚ ਹੁਣ ਤੱਕ 6 ਕਿਤਾਬਾਂ ਲਿਖ ਚੁੱਕੇ ਹਨ ਅਤੇ ਹੁਣ ਤੱਕ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ | ਬਾਬਾ ਫ਼ਰੀਦ ਦੀ ਨਗਰੀ ਫ਼ਰੀਦਕੋਟ ਵਾਸੀਆਂ ਨੇ ਪ੍ਰੋ. ਡਾ. ਕਮਲਜੀਤ ਕੌਰ ਦੀ ਪ੍ਰਾਪਤੀ ਨੂੰ ਆਪਣੇ ਇਲਾਕੇ ਦੀ ਪ੍ਰਾਪਤੀ ਦੱਸਿਆ |