ਮਲੋਟ, 7 ਨਵੰਬਰ (ਅਜਮੇਰ ਸਿੰਘ ਬਰਾੜ)-ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਵੱਖ-ਵੱਖ ਪਿੰਡਾਂ ਵਿਚ ਝੋਨੇ ਤੇ ਹੋਰ ਫ਼ਸਲਾਂ ਦੇ ਹੋਏ ਨੁਕਸਾਨ ਦੀ ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ, ਸਿਰਫ਼ ਦੌਰੇ ਕਰਕੇ ਹੀ ਸਮਾਂ ਬਤੀਤ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਸੂਬਾ ਜਨਰਲ ਸਕੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੰਬੀ ਤੇ ਮਲੋਟ ਦੇ ਪਿੰਡਾਂ ਅਬੁੱਲਖੁਰਾਣਾ, ਸ਼ਾਮਖੇੜਾ ਤੋਂ ਇਲਾਵਾ ਡੱਬਵਾਲੀ ਢਾਬ ਤੇ ਹੋਰ ਨੇੜਲੇ ਪਿੰਡਾਂ ਵਿਚ ਬੀਤੇ ਦਿਨ ਮੀਂਹ ਅਤੇ ਗੜਿ੍ਹਆਂ ਨੇ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ | ਇਸ ਹੋਏ ਨੁਕਸਾਨ 'ਤੇ ਸਰਕਾਰ ਵਲੋਂ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਕੋਈ ਤੁਰੰਤ ਮਦਦ ਦੇਣ ਦੀ ਬਜਾਏ, ਸਰਕਾਰ ਸਿਰਫ਼ ਵਿਖਾਵੇ ਵਿਚ ਹੀ ਵਿਸ਼ਵਾਸ ਰੱਖਦੀ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਹ ਤਾਂ ਮੰਨਦੀ ਹੈ ਕਿ 2000 ਏਕੜ ਝੋਨੇ ਦੀ ਫ਼ਸਲ ਤੋਂ ਜ਼ਿਆਦਾ ਨੁਕਸਾਨ ਹੋ ਗਿਆ ਹੈ, ਪਰ ਇਸ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੇ ਨਾਲ-ਨਾਲ ਸਰਕਾਰ ਕਿਸਾਨਾਂ ਦੀ ਹੋਰ ਆਰਥਿਕ ਮਦਦ ਵੀ ਕਰੇ ਤਾਂ ਜੋ ਹੋਏ ਨੁਕਸਾਨ ਦੀ ਪੂਰਤੀ ਹੋ ਸਕੇ | ਸ. ਅਬੁੱਲਖੁਰਾਣਾ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਕਿਸਾਨਾਂ ਨੂੰ ਇਹ ਅਚਾਨਕ ਗੜਿ੍ਹਆਂ ਤੇ ਮੀਂਹ ਨੇ ਜੋ ਨੁਕਸਾਨ ਕੀਤਾ ਹੈ, ਸਰਕਾਰ ਇਸ ਪ੍ਰਤੀ ਸੁਹਿਰਦ ਹੀ ਨਹੀਂ ਜਾਪਦੀ | ਉਨ੍ਹਾਂ ਕਿਹਾ ਕਿ ਪਿੰਡ ਬੁਰਜ ਸਿੱਧਵਾਂ, ਡੱਬਵਾਲੀ ਢਾਬ, ਕਰਮਗੜ੍ਹ ਤੇ ਹੋਰ ਪਿੰਡਾਂ ਵਿਚ 70 ਫ਼ੀਸਦੀ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਪੂਰਤੀ ਕਰੇ |