22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਡਾ. ਬਲਜੀਤ ਕੌਰ ਵਲੋਂ ਫੋਕਲ ਪੁਆਇੰਟ ਲਈ ਪੀਣ ਵਾਲੇ ਪਾਣੀ ਦੀ ਪਾਈਪ ਦੇ ਕੰਮ ਦੀ ਸ਼ੁਰੂਆਤ

ਅਜੀਤ ਡੈਸਕ 22-07-2025
ਮਲੋਟ, 21 ਜੁਲਾਈ (ਅਜਮੇਰ ਸਿੰਘ ਬਰਾੜ, ਪਾਟਿਲ)-ਸਮਾਜਿਕ ਨਿਆਂ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦੇ ਫੋਕਲ ਪੁਆਇੰਟ ਵਿਖੇ 1.41 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਜਿਸ 'ਚ ਫੋਕਲ ਪੁਆਇੰਟ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ, ਦੀ ਸ਼ੁਰੂਆਤ ਕੀਤੀ | ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਵਿਕਾਸ ਸੰਬੰਧੀ ਉਹ ਲਗਾਤਾਰ ਯਤਨ ਕਰ ਰਹੇ ਹਨ ਤੇ ਜੋ ਵੀ ਊਣਤਾਈਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਉਹ ਪੂਰਾ ਕਰਨ ਵਿਚ ਪੂਰੇ ਯਤਨਸ਼ੀਲ ਹਨ ਤੇ ਅੱਜ 1.41 ਕਰੋੜ ਦੀ ਲਾਗਤ ਵਾਲੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਪਾਈਪ ਦਾ ਕੰਮ 6 ਮਹੀਨਿਆਂ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ ਤੇ ਇਸ ਨਾਲ ਫੋਕਲ ਪੁਆਇੰਟ ਦੇ ਲੋਕਾਂ ਦੀ ਵੱਡੀ ਲੋੜ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਹੋ ਜਾਵੇਗਾ | ਫੋਕਲ ਪੁਆਇੰਟ ਵਿਚ ਪਲਾਟਾਂ ਦੀ ਨਾਂਅ ਬਦਲੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਵਿਧਾਨ ਸਭਾ 'ਚ ਇਸ ਸੰਬੰਧੀ ਗੱਲਬਾਤ ਕੀਤੀ ਸੀ ਅਤੇ ਹੁਣ ਵੀ ਸੰਬੰਧਿਤ ਮੰਤਰੀ ਨਾਲ ਮੁੱਦਾ ਉਠਾਉਣਗੇ ਤੇ ਬਹੁਤ ਜਲਦ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ | ਅੱਜ ਉਨ੍ਹਾਂ ਮਲੋਟ ਸ਼ਹਿਰ 'ਚੋਂ ਗੁਜ਼ਰਦੀ ਚਹੁੰਮਾਰਗੀ ਸੜਕ ਦੇ ਕਿਨਾਰੇ ਲੱਗਣ ਵਾਲੇ ਫ਼ੁੱਲਾਂ ਵਾਲੇ ਬੂਟਿਆਂ ਤੇ ਹੋਰ ਰਵਾਇਤੀ ਦਰੱਖ਼ਤਾਂ ਦੀ ਵੀ ਸ਼ੁਰੂਆਤ ਕੀਤੀ | ਇਸ ਸੰਬੰਧੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜੀ. ਟੀ. ਰੋਡ ਦੇ ਦੋਵੇਂ ਪਾਸਿਆਂ 'ਤੇ 2000 ਤੋਂ ਲੈ ਕੇ 5000 ਤੱਕ ਫ਼ੁੱਲਾਂ ਵਾਲੇ ਤੇ ਹੋਰ ਬੂਟੇ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਜੀ ਦੇ 450 ਸਾਲਾ ਦਿਵਸ ਨੂੰ ਸਮਰਪਿਤ ਵਿਭਾਗ ਵਲੋਂ ਜ਼ਿਲ੍ਹੇ ਵਿਚ 3.50 ਲੱਖ ਬੂਟੇ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਲੱਖ ਬੂਟੇ ਮਲੋਟ ਹਲਕੇ ਵਿਚ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਮਲੋਟ ਵਿਖੇ ਪਹਿਲੀ ਲਾਈਨ ਵਿਚ ਫ਼ੁੱਲਾਂ ਵਾਲੇ ਬੂਟੇ ਤੇ ਜੀ. ਟੀ. ਰੋਡ ਦੇ ਦੋਵੇਂ ਪਾਸੇ ਦੂਜੀ ਲਾਈਨ 'ਚ ਰਵਾਇਤੀ ਦਰੱਖ਼ਤ ਬੋਹੜ, ਪਿੱਪ, ਨਿੰਮ ਆਦਿ ਲਾਉਣ ਦੀ ਪਲਾਨਿੰਗ ਕੀਤੀ ਗਈ ਹੈ | ਅਧਿਕਾਰੀ ਨੇ ਕਿਹਾ ਕਿ ਪਹਿਲੇ ਗੇੜ ਵਿਚ 2000 ਫ਼ੁੱਲਾਂ ਵਾਲੇ ਬੂਟੇ ਲਗਾਏ ਜਾ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਦਰੱਖ਼ਤਾਂ ਦੇ ਦੁਆਲੇ ਟ੍ਰੀ ਗਾਰਡ ਲਗਾਏ ਜਾਣਗੇ | ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਮਲੋਟ ਸ਼ਹਿਰ 'ਚ ਵੱਡੀ ਇੰਡਸਟਰੀ ਹੈ ਤੇ ਇਹ ਜੀ. ਟੀ. ਰੋਡ ਦੇ ਦੋਵੇਂ ਦੋਵੇਂ ਪਾਸੇ ਵੱਡੀਆਂ ਦੁਕਾਨਾਂ ਹਨ | ਇਨ੍ਹਾਂ ਦੁਕਾਨਦਾਰਾਂ ਦੀ ਰਾਏ ਨਾਲ ਹੀ ਇਹ ਬੂਟੇ ਲਗਾਏ ਜਾਣਗੇ | ਓਧਰ ਇਸ ਸੰਬੰਧੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਬੜੇ ਪਿਆਰ ਨਾਲ ਸਾਰੇ ਲੋਕਾਂ ਨੂੰ ਬੂਟੇ ਲਗਾ ਕੇ ਮਲੋਟ ਨੂੰ ਹਰਿਆ-ਭਰਿਆ ਬਣਾਉਣ ਲਈ ਅਪੀਲ ਕਰਦੇ ਆ ਰਹੇ ਹਨ |
ਪਿਛਲੀ ਖ਼ਬਰ ਮੌਸਮ ਅਨੁਕੂਲ ਰਹਿਣ ਕਾਰਨ ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਦਾ ਝਾੜ ਵਧਣ ਦੀ ਸੰਭਾਵਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ 11 ਅਗਸਤ ਨੂੰ ਲੋਕਾਂ ਨੂੰ ਮਿਲੇਗਾ-ਕੁਲਬੀਰ ਸਿੰਘ ਮੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।