ਕੋਟਕਪੂਰਾ, 21 ਜੁਲਾਈ (ਮੇਘਰਾਜ)-ਇਲਾਕੇ 'ਚ ਮੌਸਮ ਅਨੁਕੂਲ ਰਹਿਣ ਕਾਰਨ ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਦਾ ਝਾੜ ਵਧਣ ਦੀ ਸੰਭਾਵਨਾ ਹੈ | ਬੀਤੇ ਕਈ ਦਿਨਾਂ ਤੋਂ ਮੌਸਮ ਅਨੁਕੂਲ ਰਹਿਣ ਕਾਰਨ ਝੋਨੇ ਦੀ ਫ਼ਸਲ ਖੇਤਾਂ 'ਚ ਖੜ੍ਹੀ ਲਹਿਰਾ ਰਹੀ ਹੈ | ਇਸ ਵਾਰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਫ਼ਰੀਦਕੋਟ 'ਚ 1 ਜੂਨ ਤੋਂ ਝੋਨਾ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ, ਜਿਸ ਕਾਰਨ ਗੋਭੀ ਦੀ ਫ਼ਸਲ ਦੇ ਕਾਸ਼ਤਕਾਰਾਂ ਵਲੋਂ ਬਾਸਮਤੀ ਦੀ ਕਿਸਮ 1509 ਕਾਫ਼ੀ ਵੱਡੇ ਪੱਧਰ 'ਤੇ ਲਗਾਈ ਗਈ ਹੈ ਜੋ ਕਿ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਮੰਡੀਆਂ 'ਚ ਵਿਕਣ ਲਈ ਪਹੁੰਚ ਜਾਵੇਗੀ | ਕਿਸਾਨਾਂ ਨੂੰ ਬਿਜਲੀ ਵਿਭਾਗ ਵਲੋਂ ਬਿਜਲੀ ਦੀ ਸਪਲਾਈ ਵੀ ਆਮ ਦਿੱਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਖੇਤ ਕੱਦੂ ਕਰਨ 'ਚ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ | ਜੂਨ ਮਹੀਨੇ 'ਚ ਗਰਮੀ ਕਾਰਨ ਫ਼ਸਲਾਂ ਨੂੰ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਹੈ | ਜ਼ਿਆਦਾਤਰ ਕਿਸਾਨਾਂ ਵਲੋਂ ਆਪਣੀ ਫ਼ਸਲ 'ਚ ਸਾਰੀਆਂ ਖੁਰਾਕਾਂ, ਰੇਹਾਂ ਤੇ ਦਵਾਈਆਂ ਦੀ ਮਿਕਦਾਰ ਪੂਰੀ ਲਈ ਗਈ ਹੈ | ਮੌਸਮ ਠੀਕ ਹੋਣ ਕਾਰਨ ਫਸਲਾਂ ਨੂੰ ਪਾਣੀ ਦੀ ਲੋੜ ਵੀ ਪੂਰੀ ਹੋ ਰਹੀ ਹੈ | ਕਿਸਾਨਾਂ ਵਲੋਂ ਗੋਭੀ ਦੀ ਪਨੀਰੀ ਬੀਜਣ ਦੀਆਂ ਤਿਆਰੀਆਂ ਕਰ ਲਈਆਂ ਹਨ ਤੇ ਕਈ ਕਿਸਾਨਾਂ ਵਲੋਂ ਅਗੇਤੀ ਗੋਭੀ ਦੀ ਪਨੀਰੀ ਖੇਤਾਂ 'ਚ ਲਾਉਣ ਲਈ ਤਿਆਰ ਕਰ ਲਈ ਗਈ ਹੈ ਪਰ ਬਾਰਿਸ਼ ਪੈਣ ਕਾਰਨ ਖੇਤ ਵੱਤਰ ਆਉਣ 'ਚ 2-4 ਦਿਨ ਲੱਗ ਸਕਦੇ ਹਨ | ਕਈ ਕਿਸਾਨਾਂ ਵਲੋਂ ਅਗੇਤੀ ਗੋਭੀ ਲਾਉਣ ਲਈ ਆਪਣੇ ਖੇਤ ਖਾਲੀ ਛੱਡ ਦਿੱਤੇ ਗਏ ਸਨ | ਇਸ ਤੋਂ ਝੋਨੇ ਦੀਆਂ ਬਾਕੀ ਕਿਸਮਾਂ ਦੀਆਂ ਫ਼ਸਲਾਂ ਵੀ ਖੇਤਾਂ 'ਚ ਵਧੀਆ ਖੜ੍ਹੀਆਂ ਹਨ ਜੋ ਬਾਸਮਤੀ 1509 ਤੋਂ ਥੋੜਾ ਜ਼ਿਆਦਾ ਸਮਾਂ ਲੈਂਦੀਆਂ ਹਨ | ਕਿਸਾਨਾਂ ਵਲੋਂ ਝੋਨੇ ਦੀ ਫਸਲ ਨੂੰ ਸੁਕਾ ਕੇ ਪਾਣੀ ਲਾਇਆ ਜਾ ਰਿਹਾ ਹੈ | ਖੇਤੀਬਾੜੀ ਯੂਨੀਵਰਸਿਟੀ ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਸੁਕਾ ਕੇ ਲਾਉਣਾ ਚਾਹੀਦਾ ਜਿਸ ਨਾਲ ਫੰਗਸ ਜਾਂ ਜੜ੍ਹਾਂ ਦੇ ਰੋਗ ਨਾ ਲੱਗਣ ਦਾ ਸੰਭਾਵਨਾ ਵਧ ਜਾਂਦੀ ਹੈ | ਲੋੜ ਅਨੁਸਾਰ ਕਿਸਾਨਾਂ ਵਲੋਂ ਕੀਟਨਾਸ਼ਕ ਦਵਾਈ ਛਿੜਕੀ ਜਾ ਰਹੀ ਹੈ | ਕਿਸਾਨਾਂ ਵਲੋਂ ਗੋਭੀ ਦੀ ਫਸਲ ਤੋਂ ਹੋਰ ਸਬਜ਼ੀਆਂ ਦੀ ਕਾਸ਼ਤ ਵੀ ਜ਼ੋਰਾਂ ਨਾਲ ਕੀਤੀ ਜਾਵੇਗੀ | ਪਸ਼ੂਆਂ ਲਈ ਹਰਾ ਚਾਰਾ ਵੀ ਮੌਸਮ ਠੀਕ ਹੋਣ ਕਾਰਨ ਖੇਤਾਂ 'ਚ ਵਧੀਆ ਖੜ੍ਹਾ ਹੈ | ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਬਾਸਮਤੀ ਦੀ ਫ਼ਸਲ ਦਾ ਝਾੜ ਤੇ ਭਾਅ ਕਿਸਾਨਾਂ ਨੂੰ ਵਧੀਆ ਮਿਲਿਆ ਤੇ ਗੋਭੀ ਦੀ ਫਸਲ ਨੇ ਕਿਸਾਨਾਂ ਨੂੰ ਖੁਸ਼ ਕੀਤਾ ਸੀ