ਰੁਪਾਣਾ, 21 ਜੁਲਾਈ (ਜਗਜੀਤ ਸਿੰਘ)-ਪੰਜਾਬ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਚੋਣਾਂ 'ਚ ਆਪਣੇ ਭਾਸ਼ਨਾਂ ਦੌਰਾਨ ਪੰਜਾਬ ਦੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਜੋ ਕਿ ਇਹ ਦਾਅਵੇ ਸਿਰਫ਼ ਭਾਸ਼ਨਾਂ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ ਹਨ | ਇਹ ਦੌਰ ਪਿਛਲੇ ਲੰਮੇ ਤੋਂ ਚੱਲਦਾ ਆ ਰਿਹਾ ਹੈ | ਗ਼ਰੀਬ ਤੇ ਲੋੜਵੰਦ ਪਰਿਵਾਰ ਭਲਾਈ ਸਕੀਮਾਂ ਲੈਣ ਲਈ ਵਾਰ-ਵਾਰ ਫਾਰਮ ਤੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜ਼ਬੂਰ ਹਨ, ਜਿਸ ਦੀ ਉਦਾਹਰਣ ਪਿੰਡ ਰੁਪਾਣਾ ਦੇ ਇਕ ਲੋੜਵੰਦ ਪਰਿਵਾਰ ਤੋਂ ਮਿਲ ਜਾਂਦੀ ਹੈ | ਜਾਣਕਾਰੀ ਦਿੰਦਿਆਂ ਬਲਰਾਜ ਪੁੱਤਰ ਮੰਗਤ ਰਾਮ ਵਾਸੀ ਰੁਪਾਣਾ ਨੇ ਦੱਸਿਆ ਉਹ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ | ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਉਸ ਦੇ ਕਮਰੇ ਦੀ ਛੱਤ ਡਿੱਗ ਪਈ, ਜਿਸ ਨਾਲ ਉਸ ਦਾ ਘਰੇਲੂ ਵਰਤੋਂ ਆਉਣ ਵਾਲਾ ਸਾਮਾਨ ਵੀ ਖ਼ਰਾਬ ਹੋ ਗਿਆ | ਪੀੜਤ ਨੇ ਦੱਸਿਆ ਉਸ ਦੇ ਕੋਲ ਇਕ ਹੀ ਕਮਰਾ ਸੀ, ਜਿਸ ਦੀ ਛੱਤ ਡਿੱਗ ਪਈ ਤੇ ਨਵਾਂ ਕਮਰਾ ਬਣਾਉਣ ਤੋਂ ਅਸਮੱਰਥ ਹੈ | ਉਸ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਭਲਾਈ ਸਕੀਮ ਲੈਣ ਲਈ ਕਈ ਵਾਰ ਫਾਰਮ ਭਰਨ 'ਤੇ ਅੱਜ ਤੱਕ ਕੋਈ ਕਿਸਮ ਦੀ ਸੁਣਵਾਈ ਨਹੀਂ ਕੀਤੀ | ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਉਸ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਜਾਵੇ |