ਜੈਤੋ, 20 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਹਲਕਾ ਜੈਤੋ ਦੇ ਅਧੀਨ ਆਉਂਦੇ ਪਿੰਡ ਕੋਠੇ ਰਾਮਸਰ ਵਿਖੇ ਵਿਧਾਇਕ ਅਮੋਲਕ ਸਿੰਘ ਵਲੋਂ ਬੱਸ ਅੱਡੇ ਦੀ ਇਮਾਰਤ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਟੈਂਕੀ ਲਈ ਗਰਾਂਟ ਜਾਰੀ ਕੀਤੀ ਗਈ | ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਤੇ ਪਹਿਲ ਦੇ ਆਧਾਰ 'ਤੇ ਪਿੰਡਾਂ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਹਲਕੇ ਦੇ ਪਿੰਡਾਂ ਦੇ ਅਧੂਰੇ ਤੇ ਲੋੜੀਂਦੇ ਕੰਮਾਂ ਦੀ ਸੂਚੀ ਤਿਆਰ ਕਰਕੇ ਭੇਜੀ ਗਈ ਸੀ, ਜਿਸ ਨੂੰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਆਉਣ ਵਾਲੇ ਦਿਨਾਂ 'ਚ ਪਿੰਡਾਂ ਦੀ ਵਿਕਾਸ ਪੱਖੋਂ ਨੁਹਾਰ ਬਦਲ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਤਲਵਿੰਦਰ ਸਿੰਘ ਕਿੰਦਾ ਢਿੱਲੋਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੀ ਲੰਮੇ ਸਮੇਂ ਮੰਗ ਨੂੰ ਪੂਰਾ ਕਰਦਿਆਂ ਇਹ ਗਰਾਂਟ ਜਾਰੀ ਕੀਤੀ ਗਈ ਹੈ | ਜਿਸ ਨਾਲ ਜਲਦ ਪਿੰਡ ਲਈ ਨਵੇਂ ਬੱਸ ਅੱਡੇ ਦੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ | ਇਸ ਮੌਕੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਸਤਪਾਲ ਸਿੰਘ ਢਿੱਲੋਂ, ਕੰਵਲਜੀਤ ਕੌਰ, ਪ੍ਰੀਤ ਕੌਰ, ਸਤਪਾਲ ਸਿੰਘ, ਨਿਰਮਲ ਸਿੰਘ, ਜਲੌਰ ਸਿੰਘ, ਅੰਗਰੇਜ਼ ਸਿੰਘ ਢਿੱਲੋਂ, ਪਰਵਾਣ ਸਿੰਘ ਢਿੱਲੋਂ, ਬਲਦੀਪ ਸਿੰਘ ਢਿੱਲੋਂ, ਮਨਿੰਦਰ ਸਿੰਘ ਢਿੱਲੋਂ, ਜਗਜੀਤ ਰਾਜਾ, ਨੂਰ ਸਿੰਘ ਢਿੱਲੋਂ, ਹਰਜੋਤ ਸਿੰਘ, ਸ਼ਰਦੂਲ ਸਿੰਘ ਢਿੱਲੋਂ ਅਤੇ ਲੱਖਾ ਸਿੰਘ ਢਿੱਲੋਂ ਆਦਿ ਹਾਜ਼ਰ ਸਨ |