ਫ਼ਰੀਦਕੋਟ, 15 ਜੁਲਾਈ (ਜਸਵੰਤ ਸਿੰਘ ਪੁਰਬਾ)-ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਜ਼ਿਲ੍ਹਾ ਫ਼ਰੀਦਕੋਟ ਵਿਚ ਵਿੱਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿਚ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ 2026 ਦੇ ਆਨਲਾਈਨ ਫ਼ਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ 'ਤੇ ਭਰੇ ਜਾ ਰਹੇ ਹਨ | ਦਾਖਲੇ ਲਈ ਫ਼ਾਰਮ ਭਰਨ ਦੀ ਆਖਰੀ ਤਾਰੀਕ 29 ਜੁਲਾਈ 2025 ਹੈ ਅਤੇ ਪ੍ਰੀਖਿਆ 13 ਦਸੰਬਰ 2025 ਨੂੰ ਲਈ ਜਾਵੇਗੀ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਕਮ ਚੇਅਰਮੈਨ ਵਿਦਿਆਲਿਆ ਮੈਨੇਜਮੈਂਟ ਕਮੇਟੀ ਪੂਨਮਦੀਪ ਕੌਰ ਨੇ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2026 ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 1 ਮਈ 2014 ਤੇ 31 ਜੁਲਾਈ 2016 ਦੇ ਵਿਚਕਾਰ ਹੋਣੀ ਚਾਹੀਦੀ ਹੈ | ਪ੍ਰੀਖਿਆਰਥੀ ਨੇ ਤੀਜੀ ਚੌਥੀ ਤੇ ਪੰਜਵੀਂ ਜਮਾਤ ਫ਼ਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫ਼ੇਲ੍ਹ ਹੋਏ ਪੂਰਾ ਵਿੱਦਿਅਕ ਸ਼ੈਸ਼ਨ ਲਗਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਫ਼ਰੀਦਕੋਟ ਜ਼ਿਲ੍ਹੇ ਦਾ ਵਸਨੀਕ ਹੋਣਾ ਜ਼ਰੂਰੀ ਹੈ | ਵਿਦਿਆਰਥੀ ਪੰਜਵੀਂ ਜਮਾਤ ਵਿੱਦਿਅਕ ਸ਼ੈਸ਼ਨ 2025-26 ਦੇ ਦੌਰਾਨ ਪਾਸ ਹੋਵੇ | ਉਨ੍ਹਾਂ ਦੱਸਿਆ ਕਿ ਛੇਵੀਂ ਜਮਾਤ ਦੇ ਦਾਖ਼ਲੇ ਲਈ ਇੱਛੁਕ ਅਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਆਨਲਾਈਨ ਫਾਰਮ ਭਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਫ਼ਰੀਦਕੋਟ ਜ਼ਿਲ੍ਹੇ ਦਾ ਆਧਾਰ ਕਾਰਡ ਜਾਂ ਰਿਹਾਇਸ਼ੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ | ਡਿਪਟੀ ਕਮਿਸ਼ਨਰ ਨੇ ਯੋਗ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਇਸ ਪ੍ਰੀਖਿਆ ਲਈ ਅਪਲਾਈ ਜ਼ਰੂਰ ਕਰਵਾਉਣ |
ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ 'ਚ 6ਵੀਂ ਜਮਾਤ ਦੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ- ਡੀ. ਸੀ.
ਅਜੀਤ ਡੈਸਕ
16-07-2025