ਫ਼ਰੀਦਕੋਟ, 15 ਜੁਲਾਈ (ਜਸਵੰਤ ਸਿੰਘ ਪੁਰਬਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਵਲੋਂ ਜ਼ਿਲ੍ਹਾ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ | ਇਸ ਉਪਰੰਤ ਜ਼ਿਲ੍ਹਾ ਪੱਧਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਰਮੇ ਦੀ ਤਾਜ਼ਾ ਸਥਿਤੀ ਬਾਰੇ ਰਿਪੋਰਟ ਲਈ | ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਰਮੇ ਦੀ ਫ਼ਸਲ ਪ੍ਰਤੀ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂੰ ਕਰਵਾਇਆ ਗਿਆ | ਉਨ੍ਹਾਂ ਨਾਲ ਪੰਜਾਬ ਦੀ ਸਟੇਟ ਪੱਧਰੀ ਸਰਵੇਲੈਸ਼ ਟੀਮ ਦੇ ਮੈਂਬਰ ਡਾ. ਯਾਦਵਿੰਦਰ ਸਿੰਘ, ਏ. ਐੱਮ. ਓ. ਫ਼ਰੀਦਕੋਟ ਅਤੇ ਡਾ. ਅਮਨਦੀਪ ਕੇਸ਼ਵ ਪੀ.ਡੀ. ਆਤਮਾ ਮੌਜੂਦ ਸਨ | ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਜ਼ਿਲ੍ਹੇ ਵਿਚ ਜ਼ਿਲ੍ਹਾ-ਪੱਧਰ, ਬਲਾਕ-ਪੱਧਰ, ਸਰਕਲ-ਪੱਧਰ ਦੀਆਂ 15 ਸਰਵੇਖਣ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਨਰਮੇ ਦੀ ਫ਼ਸਲ ਦਾ ਹਫ਼ਤਾਵਾਰੀ ਸਰਵੇਖਣ ਕਰ ਰਹੀਆਂ ਹਨ | ਸਰਵੇਖਣ ਟੀਮਾਂ ਵਲੋਂ ਹਫ਼ਤਾਵਰੀ 30 ਸਪਾਟ ਉਪਰ ਸਰਵੇਖਣ ਕੀਤਾ ਜਾਂਦਾ ਹੈ ਅਤੇ ਇਸ ਹਫ਼ਤੇ ਦੇ ਸਰਵੇਖਣ ਦੌਰਾਨ ਰਸ ਚੂਸਣ ਵਾਲੇ ਕੀੜਿਆਂ (ਹਰਾ ਤੇਲਾ, ਚਿੱਟਾ ਮੱਛਰ ਅਤੇ ਭੂਰੀ ਜੂੰ) ਦਾ ਹਮਲਾ ਕਿਤੇ ਕਿਤੇ ਦੇਖਣ ਨੂੰ ਮਿਲਿਆ ਹੈ, ਪਰ ਆਰਥਿਕ ਕਗਾਰ ਤੋਂ ਘੱਟ ਹੈ | ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤਾਂ ਦਾ ਸਰਵੇਖਣ ਲਗਾਤਾਰ ਕਰਦੇ ਰਹਿਣ ਅਤੇ ਜੇਕਰ ਹਾਨੀਕਾਰਕ ਕੀੜਿਆਂ ਦਾ ਹਮਲਾ ਖੇਤਾਂ ਵਿਚ ਦੇਖਣ ਨੂੰ ਆਉਂਦਾ ਹੈ ਤਾਂ ਕਿਸਾਨ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ | ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਨੇ ਦੱਸਿਆ ਕਿ ਸਾਉਣੀ 2025 ਦੌਰਾਨ ਨਰਮਾ ਪੱਟੀ ਦੇ ਜ਼ਿਲਿ੍ਹਆਂ ਵਿਚ ਕੀਤੇ ਗਏ ਦੌਰਿਆ ਦੌਰਾਨ ਵੇਖਿਆ ਗਿਆ ਹੈ ਕਿ ਕਈ ਜਗ੍ਹਾ ਨਰਮੇ ਦੀ ਫ਼ਸਲ ਉਪਰ ਖੁਰਾਕੀ ਤੱਤਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ, ਜਿਸ ਸਬੰਧ ਵਿਚ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਕੀਤਾ ਜਾਣਾ ਚਾਹੀਦਾ ਹੈ | ਹਾਨੀਕਾਰਕ ਕੀੜਿਆਂ ਦਾ ਹਮਲਾ ਹੋਣ ਦੀ ਸੂਰਤ ਵਿਚ ਕਿਸਾਨ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸ਼ਿਫਾਰਸ਼ ਕੀਟ ਨਾਸ਼ਕਾਂ ਦੀ ਸਪਰੇਅ ਹੀ ਕਰਨ | ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ |