ਜੈਤੋ, 15 ਜੁਲਾਈ (ਪੱਤਰ ਪ੍ਰੇਰਕ)-ਬੀਤੇ ਕੱਲ੍ਹ ਤੋਂ ਹੋ ਰਹੀ ਬਾਰਸ਼ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਟੈਲੀਫ਼ੋਨ ਕੇਂਦਰ ਦੇ ਸਾਹਮਣੇ ਪੁਰਾਤਨ ਮੰਦਰ ਦੇ ਬਿਲਕੁੱਲ ਮੂਹਰੇ ਪਿਛਲੇ ਦੋ ਦਿਨਾਂ ਤੋਂ ਖੜ੍ਹੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜ ਦਾ ਰੂਪ ਧਾਰ ਲਿਆ ਹੈ | ਜਿਸ ਕਾਰਨ ਉਕਤ ਸੜਕ ਤੋਂ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ | ਜ਼ਿਕਰਯੋਗ ਹੈ ਬੱਸ ਸਟੈਂਡ ਤੋਂ ਡੇਰਾ ਨੂਰ ਮਹਿਲ ਤੱਕ ਸੜਕ ਦੀ ਐਨੀ ਖਸਤਾ ਹਾਲਤ ਹੋ ਚੁੱਕੀ ਹੈ ਕਿ ਟੈਲੀਫ਼ੋਨ ਕੇਂਦਰ ਦੇ ਸਾਹਮਣੇ ਸੜਕ 'ਚ 2 ਤੋਂ 3 ਫੁੱਟ ਖੱਡਾ ਬਣ ਚੁੱਕਾ ਹੈ | ਜਿਸ ਕਾਰਨ ਬਾਜ਼ਾਰ 'ਚ ਜਾਣ ਵਾਲੇ ਰਾਹਗੀਰਾਂ ਨੂੰ ਤਿੰਨ ਫੁੱਟ ਖੜ੍ਹੇ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ | ਸ਼ਹਿਰ ਦੀ ਅਬਾਦੀ ਦਾ 40 ਪ੍ਰਤੀਸ਼ਤ ਹਿੱਸਾ ਲਾਈਨੋਂ ਪਾਰ ਸੁਖਚੈਨਪੁਰਾ, ਡਾ. ਅੰਬੇਦਕਰ ਬਸਤੀ ਅਤੇ ਹਰਦਿਆਲ ਨਗਰ ਦੇ ਬੱਚਿਆਂ ਨੂੰ ਸਕੂਲ ਪੜ੍ਹਣ ਜਾਣ ਲਈ ਖੜ੍ਹੇ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ | ਸਥਾਨਕ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਆਮ ਲੋਕਾਂ ਅਤੇ ਦੁਕਾਨਦਾਰਾਂ ਦੀ ਸਮੱਸਿਆ ਹੱਲ ਹੋ ਸਕੇ | ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਨੇ ਮੌਜੂਦਾ ਸਮੱਸਿਆ ਨੂੰ ਜਲਦ ਹੱਲ ਕਰਨ ਲਈ ਭਰੋਸਾ ਦਿੱਤਾ |