ਮਲੋਟ, 18 ਜੁਲਾਈ (ਪਾਟਿਲ)-ਭਾਰਤ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ 2024-25 'ਚੋਂ ਮਲੋਟ ਨੂੰ ਪੰਜਾਬ ਭਰ ਵਿਚ 23ਵਾਂ ਰੈਂਕ ਤੇ ਸਾਰੇ ਭਾਰਤ ਭਰ ਵਿਚ 209ਵਾਂ ਰੈਂਕ ਪ੍ਰਾਪਤ ਹੋਇਆ ਹੈ | ਇਸ ਤੋਂ ਇਲਾਵਾ ਮਲੋਟ ਨੇ 1 ਸਟਾਰ ਗਾਰਬੇਜ ਫਰੀ ਸਿਟੀ ਸਰਟੀਫ਼ਿਕੇਟ ਪ੍ਰਾਪਤ ਕੀਤਾ ਹੈ, ਜਿਸ ਕਰ ਕੇ ਸ਼ੁਭਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਮਲੋਟ ਤੇ ਮੰਗਤ ਕੁਮਾਰ ਕਾਰਜ ਸਾਧਕ ਅਫ਼ਸਰ ਨੇ ਸਾਰੀ ਸਵੱਛਤਾ ਟੀਮ (ਸਫ਼ਾਈ ਸੇਵਕ, ਵੈਸਟ ਕਲੈਕਟਰ, ਸੀਵਰ ਮੇਨ) ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ | ਪ੍ਰਧਾਨ ਬਿੱਟੂ ਨੇ ਸਮੂਹ ਟੀਮ ਨੂੰ ਕਿਹਾ ਕਿ ਇਸ ਦਾ ਸਿਹਰਾ ਉਨ੍ਹਾਂ ਦੀ ਮਿਹਨਤ ਨੂੰ ਜਾਂਦਾ ਹੈ | ਉਨ੍ਹਾਂ ਮਲੋਟ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮਲੋਟ ਨੂੰ ਸਵੱਛ ਬਣਾਉਣ ਵਿਚ ਸਹਿਯੋਗ ਕੀਤਾ | ਇਸ ਤੋਂ ਇਲਾਵਾ ਮਲੋਟ ਦੇ ਵਾਸੀਆਂ ਨੂੰ ਅਪੀਲ ਕੀਤੀ ਮਲੋਟ ਸ਼ਹਿਰ ਨੂੰ ਹੋਰ ਉੱਪਰ ਲਿਜਾਣ ਲਈ ਹਰ ਇਕ ਘਰ ਨੂੰ ਆਪਣੇ ਘਰ ਵਿਚ ਗਿੱਲਾ-ਸੁੱਕਾ ਕੂੜਾ ਅਲੱਗ ਰੱਖਣਾ ਚਾਹੀਦਾ ਹੈ ਅਤੇ ਵੈਸਟ ਕੁਲੈਕਟਰ ਨੂੰ ਦੇਣਾ ਚਾਹੀਦਾ ਹੈ, ਰੋਜ਼ਾਨਾ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕੀਤੀ ਜਾਵੇ, ਪਲਾਸਟਿਕ ਡਿਸਪੋਜਲ ਦੀ ਵਰਤੋਂ ਨਾ ਕੀਤੀ ਜਾਵੇ ਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ 'ਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ | ਇਸ ਦੌਰਾਨ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਤੇ ਸਵੱਛਤਾ ਟੀਮ ਹਾਜ਼ਰ ਸੀ |