ਪਟਿਆਲਾ, 19 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ ਦੇ ਸਰਪੰਚਾਂ ਨੂੰ ਪਿਛਲੀਆਂ ਦੋ ਟਰਮਾਂ ਤੋਂ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਬਕਾਇਆ ਮਾਣ-ਭੱਤੇ ਜਾਰੀ ਕਰਵਾਉਣ ਲਈ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਯੂਨੀਅਨ ਸਿਆਲੂ ਗਰੁੱਪ ਦੇ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਦੀ ਅਗਵਾਈ ਹੇਠ ਸਰਪੰਚਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ | ਇਸ ਮੌਕੇ ਪ੍ਰਧਾਨ ਨੌਗਾਵਾਂ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚਾਂ ਦਾ 2013 ਤੋਂ 2018 ਵਾਲੀ ਟਰਮ ਦਾ ਸਵਾ ਤਿੰਨ ਸਾਲ ਦਾ ਬਕਾਇਆ ਮਾਣ-ਭੱਤਾ ਅਤੇ 2018 ਤੋਂ 2023 ਵਾਲੀ ਟਰਮ ਦਾ ਕੁਝ ਮਾਣ-ਭੱਤਾ ਸਰਕਾਰ ਵੱਲ ਬਕਾਇਆ ਹੈ, ਜਿਸ ਨੂੰ ਤੁਰੰਤ ਜਾਰੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਚਾਇਤ ਯੂਨੀਅਨ ਨੇ ਸੰਘਰਸ਼ ਲੜ ਕੇ 1200 ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਲਾਗੂ ਕਰਵਾਇਆ ਸੀ ਅਤੇ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਦਾ ਮਾਣ-ਭੱਤਾ ਵਧਾਏ ਜਾਣ ਦੇ ਬਿਆਨ ਦਿੱਤੇ ਸਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਪਹਿਲਾਂ 3000 ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਮਿਲਦਾ ਸੀ, ਜਿਸ ਨੂੰ ਹੁਣ ਮੌਜੂਦਾ ਸਰਕਾਰ ਨੇ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ ਅਤੇ ਪੰਚਾਂ ਨੂੰ 1600 ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਦਿੱਤਾ ਜਾ ਰਿਹਾ ਹੈ | ਹਰਿਆਣਾ ਰਾਜ ਦੀ ਤਰਜ਼ 'ਤੇ ਪੰਜਾਬ ਦੇ ਮੌਜੂਦਾ ਸਰਪੰਚਾਂ ਦਾ ਮਾਣ-ਭੱਤਾ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਅਤੇ ਪੰਚਾਂ ਦਾ 1600 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਪਿਛਲੇ ਬਕਾਏ ਤੁਰੰਤ ਜਾਰੀ ਕੀਤੇ ਜਾਣ | ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਵਿਸ਼ਵਾਸ ਦਿਵਾਇਆ ਕਿ ਪਹਿਲ ਦੇ ਆਧਾਰ 'ਤੇ ਬਕਾਇਆ ਮਾਣ-ਭੱਤਾ ਜਾਰੀ ਕਰਵਾਇਆ ਜਾਵੇਗਾ | ਇਸ ਮਾਮਲੇ ਸੰਬੰਧੀ ਯੂਨੀਅਨ ਆਗੂਆਂ ਨੇ ਡੀ.ਡੀ.ਪੀ.ਓ. ਪਟਿਆਲਾ ਨੂੰ ਵੀ ਜਾਣੂ ਕਰਵਾਇਆ | ਇਸ ਮੌਕੇ ਕੁਲਦੀਪ ਸਿੰਘ ਸ਼ਮਸਪੁਰ ਬਲਾਕ ਪ੍ਰਧਾਨ ਪਟਿਆਲਾ, ਮਹਿੰਦਰ ਸਿੰਘ ਸਾਬਕਾ ਸਰਪੰਚ ਮਰਦਾਂਹੇੜੀ ਬਲਾਕ ਪ੍ਰਧਾਨ ਸਨੌਰ, ਰਾਮ ਲਾਲ ਸਾਬਕਾ ਡੇਰਾ ਮਰਦਾਂਹੇੜੀ, ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ, ਚਰਨਜੀਤ ਸਿੰਘ ਸਾਬਕਾ ਸਰਪੰਚ ਦੌਲਤਪੁਰ, ਬਲਦੇਵ ਸਿੰਘ ਸਾਬਕਾ ਸਰਪੰਚ ਡੰਡੋਆ, ਮਾਨ ਸਿੰਘ ਸਾਬਕਾ ਸਰਪੰਚ ਹੁਸੈਨਪੁਰ ਜੌਲਾ ਆਦਿ ਹਾਜ਼ਰ ਸਨ |