17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬੰਨਵਾਲਾ ਦੀ ਅਗਵਾਈ 'ਚ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ <br/>

ਅਜੀਤ ਡੈਸਕ 20-11-2025
ਪਾਤੜਾਂ, 19 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬੰਨਵਾਲਾ ਦੀ ਅਗਵਾਈ 'ਚ ਹਲਕਾ ਸ਼ੁਤਰਾਣਾ ਦੇ ਸੀਨੀਅਰ ਆਗੂਆਂ ਦਾ ਇਕ ਵਫ਼ਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਜਿੱਥੇ ਉਨ੍ਹਾਂ ਨੇ ਹਲਕਾ ਸ਼ੁਤਰਾਣਾ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਉਨ੍ਹਾਂ ਦੇ ਧਿਆਨ 'ਚ ਲਿਆਂਦੀਆਂ ਉੱਥੇ ਹੀ ਪਾਤੜਾਂ ਨੂੰ ਜ਼ਿਲ੍ਹਾ ਬਣਾਏ ਜਾਣ ਦੇ ਮੁੱਦੇ ਨੂੰ ਪਾਰਟੀ ਪੱਧਰ 'ਤੇ ਰੱਖੇ ਜਾਣ ਦੀ ਮੰਗ ਕੀਤੀ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਬਾਰਾ ਸਿੰਘ ਬੰਨਵਾਲਾ, ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਸਕੰਦਰ ਸਿੰਘ ਦੁਤਾਲ ਅਤੇ ਗੁਰਦੀਪ ਸਿੰਘ ਧਨੇਠਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਿਆਨ 'ਚ ਲਿਆਂਦਾ ਹੈ ਕਿ ਹਲਕਾ ਸ਼ੁਤਰਾਣਾ 'ਚ ਕਰੀਬ ਦਸ ਸਾਲਾਂ ਤੋਂ ਪੱਕੀਆਂ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ ਜਿਸ ਕਰਕੇ ਇਨ੍ਹਾਂ ਸੜਕਾਂ 'ਚ ਕਾਫੀ ਡੂੰਘੇ ਟੋਏ ਪਏ ਹੋਏ ਹਨ | ਇਸ ਤੋਂ ਇਲਾਵਾ ਹਲਕੇ 'ਚ ਵੱਧ ਰਹੀ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਕਾਰਨ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਸੰਬੰਧੀ ਕਈ ਵਾਰ ਕਹਿਣ 'ਤੇ ਵੀ ਪ੍ਰਸ਼ਾਸਨ ਵਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਸ ਕਰਕੇ ਅਮਨ ਪਸੰਦ ਲੋਕਾਂ ਦਾ ਜਿਊਣਾ ਦੁੱਬਰ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਬਹੁਤ ਸਾਰੇ ਪਿੰਡ ਪਟਿਆਲਾ ਜ਼ਿਲ੍ਹੇ ਤੋਂ 100 ਕਿੱਲੋਮੀਟਰ ਤੋਂ ਵੀ ਵੱਧ ਦੂਰੀ ਦੇ ਹਨ ਜਿਸ ਕਰਕੇ ਲੋਕਾਂ ਨੂੰ ਜ਼ਿਲ੍ਹਾ ਪੱਧਰ ਦੇ ਕੰਮਾਂ ਵਾਸਤੇ ਅਤੇ ਇਨਸਾਫ਼ ਲੈਣ ਲਈ ਅਦਾਲਤਾਂ 'ਚ ਜਾਣ ਵਾਸਤੇ ਪਹੁੰਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਸ ਲਈ ਪਾਤੜਾਂ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਮੰਗ ਨੂੰ ਪਾਰਟੀ ਪੱਧਰ 'ਤੇ ਚੁੱਕਿਆ ਜਾਵੇ ਤਾਂ ਜੋ ਹਲਕਾ ਸ਼ੁਤਰਾਣਾ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਨੇ ਯਕੀਨ ਦਿਵਾਇਆ ਕਿ ਤੁਹਾਡੇ ਵਲੋਂ ਮੇਰੇ ਧਿਆਨ 'ਚ ਲਿਆਂਦੇ ਗਏ ਮੁੱਦਿਆਂ ਨੂੰ ਪਾਰਟੀ ਪਲੇਟ ਫਾਰਮ 'ਤੇ ਜਿੱਥੇ ਚੁੱਕਿਆ ਜਾਵੇਗਾ ਉੱਥੇ ਹੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਨੂੰ ਹੱਲ ਨਾਂ ਕੀਤਾ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਪਟਿਆਲਾ ਦੇ ਸਕੂਲਾਂ 'ਚ ਕਰਵਾਏ ਜਾਣਗੇ ਵੱਖ-ਵੱਖ ਮੁਕਾਬਲੇ ਅਤੇ ਸਮਾਗਮ ਅਗਲੀ ਖ਼ਬਰ ਸਰਪੰਚਾਂ ਦਾ ਬਕਾਇਆ ਮਾਣ-ਭੱਤਾ ਤੁਰੰਤ ਜਾਰੀ ਕਰੇ ਸਰਕਾਰ : ਪ੍ਰਧਾਨ ਨੌਗਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।