ਦੇਵੀਗੜ੍ਹ, 18 ਨਵੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਨੂੰ ਹਰ ਸਾਲ ਆਉਣ ਵਾਲੀ ਹੜ੍ਹਾਂ ਦੀ ਤਬਾਹੀ ਤੋਂ ਹਮੇਸ਼ਾ ਲਈ ਮੁਕਤ ਕਰਨ ਵੱਲ ਵੱਡਾ ਤੇ ਨਿਰਣਾਇਕ ਕਦਮ ਚੁੱਕਿਆ ਗਿਆ ਹੈ | ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਟਾਂਗਰੀ ਨਦੀ ਦੇ ਬੰਨ੍ਹ ਨੂੰ ਪੱਕਾ ਕਰਨ ਦੇ 16 ਕਰੋੜ ਰੁਪਏ ਦੀ ਲਾਗਤ ਵਾਲੇ ਮਹੱਤਵਪੂਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ | ਇਹ ਨੀਂਹ ਪੱਥਰ ਗੁਰਦੁਆਰਾ ਧੰਨਾ ਭਗਤ ਜੀ ਦੇ ਨੇੜੇ ਰੱਖਿਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਵਾਸੀ, ਪੰਚਾਇਤ ਮੈਂਬਰ 'ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੀਂਹ ਦੇ ਮੌਸਮ 'ਚ ਟਾਂਗਰੀ ਨਦੀ ਹਰ ਸਾਲ ਤਬਾਹੀ ਮਚਾਉਂਦੀ ਹੈ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੁੱਖ ਮੰਗ ਸੀ ਕਿ ਨਦੀ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ, ਜਿਸ ਕਰਕੇ ਪੰਜਾਬ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਦਾ ਸੁਪਨਾ ਸਾਕਾਰ ਕਰਨ ਦਾ ਬੀੜਾ ਚੁੱਕਿਆ | ਇਲਾਕਾ ਵਾਸੀਆਂ ਨੇ ਇਸ ਪ੍ਰੋਜੈਕਟ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਚੇਅਰਮੈਨ ਹਡਾਣਾ ਨੇ ਭਰੋਸਾ ਦਿਵਾਇਆ ਕਿ ਸਨੌਰ ਹਲਕੇ ਦਾ ਹਰ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ ਤੇ ਲੋਕਾਂ ਨੂੰ ਸੁਰੱਖਿਅਤ, ਖ਼ੁਸ਼ਹਾਲ ਤੇ ਵਿਕਸਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਮੌਕੇ ਰਾਜਵਿੰਦਰ ਸਿੰਘ, ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਨਰਿੰਦਰ ਸਿੰਘ ਲੇਹਲਾਂ, ਭੁਪਿੰਦਰ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ, ਵੇਦ ਪ੍ਰਕਾਸ਼ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਦੇਵੀਗੜ੍ਹ, ਭੁਪਿੰਦਰ ਸਿੰਘ ਪ੍ਰਧਾਨ ਸੈਲਰ ਐਸੋਸੀਏਸ਼ਨ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ, ਲਖਵੀਰ ਸਿੰਘ ਕਪੂਰੀ ਮੀਤ ਪ੍ਰਧਾਨ, ਦਲਜੀਤ ਸਿੰਘ ਸੰਧੂ, ਲਾਲੀ ਰਹਿਲ, ਐੱਚ. ਐੱਸ. ਚੀਮਾ, ਬੀ. ਡੀ. ਓ. ਸੰਦੀਪ ਸਿੰਘ, ਵਿਕਰਮ ਸਿੰਘ ਤੇ ਹੋਰ ਹਾਜ਼ਰ ਸਨ |