ਪਟਿਆਲਾ, 6 ਨਵੰਬਰ (ਗੁਰਵਿੰਦਰ ਸਿੰਘ ਔਲਖ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵਲੋਂ ਪੰਜਾਬ ਦੀ ਧਰਤੀ 'ਤੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਨਾਟਕ ਲੜੀ ਅਧੀਨ ਹਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਇਕ ਨਵਾਂ ਨਾਟਕ ਦਰਸ਼ਕਾਂ ਲਈ ਪੇਸ਼ ਕੀਤਾ ਜਾਂਦਾ ਹੈ | ਇਸ ਲੜੀ ਨੂੰ ਅਗੇ ਵਧਾਉਂਦਿਆਂ, ਇਸ ਵਾਰ ਹਰਿਆਣਾ ਦੇ ਪ੍ਰਸਿੱਧ ਨਿਊ ਉਥਾਨ ਥੀਏਟਰ ਗਰੁੱਪ, ਕੁਰਕਸ਼ੇਤਰ ਵਲੋਂ ਵਿਕਾਸ ਸ਼ਰਮਾ ਦੇ ਨਿਰਦੇਸ਼ ਹੇਠ ਹਿੰਦੀ ਨਾਟਕ 'ਪੰਚ ਲਾਈਟ' ਦਾ ਮੰਚਨ ਕੀਤਾ ਜਾਵੇਗਾ | ਇਹ ਨਾਟਕ 8 ਨਵੰਬਰ, ਸ਼ਨਿਚਰਵਾਰ ਸ਼ਾਮ 6.30 ਵਜੇ ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਜੋ ਕਿ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਦੇ ਨਜ਼ਦੀਕ ਸਥਿਤ ਹੈ, ਵਿਖੇ ਪੇਸ਼ ਕੀਤਾ ਜਾਵੇਗਾ | ਇਸ ਪ੍ਰੋਗਰਾਮ ਦੀ ਅਗਵਾਈ ਕੇਂਦਰ ਨਿਰਦੇਸ਼ਕ ਐੱਮ. ਫੁਰਕਾਨ ਖਾਨ ਕਰ ਰਹੇ ਹਨ | ਨਾਟਕ 'ਪੰਚ ਲਾਈਟ' ਇਕ ਸਮਾਜਕ ਵਿਅੰਗ ਹੈ ਜੋ ਪਿੰਡ ਦੇ ਜੀਵਨ, ਬਿਜਲੀ ਦੀ ਕਮੀ ਤੇ ਉਸ ਨਾਲ ਜੁੜੀਆਂ ਮਨੁੱਖੀ ਮਨੋਵਿ੍ੱਤੀਆਂ ਨੂੰ ਹਾਸ-ਵਿਅੰਗ ਦੇ ਰਾਹੀਂ ਦਰਸਾਉਂਦਾ ਹੈ | ਇਸ ਦੀ ਕਹਾਣੀ ਲੋਕ ਜੀਵਨ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ ਤੇ ਦਰਸ਼ਕਾਂ ਨੂੰ ਇਕ ਸਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸਲ ਰੋਸ਼ਨੀ ਮਨੁੱਖ ਦੇ ਮਨ ਵਿਚੋਂ ਆਉਂਦੀ ਹੈ | ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਕਿਹਾ ਗਿਆ ਹੈ ਕਿ ਇਸ ਨਾਟਕ ਰਾਹੀਂ ਥੀਏਟਰ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇੱਕ ਵਾਰ ਫਿਰ ਗੁਣਵੱਤਾ ਪੂਰਨ ਪ੍ਰਦਰਸ਼ਨ ਦੇਖਣ ਦਾ ਮੌਕਾ ਮਿਲੇਗਾ | ਪਟਿਆਲਾ ਦੇ ਕਲਾ ਪ੍ਰੇਮੀਆਂ, ਵਿੱਦਿਆਰਥੀਆਂ ਤੇ ਆਮ ਨਾਗਰਿਕਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ | ਗੌਰਤਲਬ ਹੈ ਕਿ ਸਾਰੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ¢