ਪਟਿਆਲਾ, 5 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੀ. ਐੱਸ. ਈ. ਬੀ. ਈ. ਏ. ਦੀ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਜੀ.ਜੀ.ਐੱਸ.ਐੱਸ.ਟੀ.ਪੀ. ਰੋਪੜ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਦੀ ਮੁਅੱਤਲੀ ਅਤੇ ਪੀ.ਐੱਸ.ਪੀ.ਸੀ.ਅੱੈਲ. ਦੇ ਡਾਇਰੈਕਟਰ ਜਨਰੇਸ਼ਨ ਇੰਜ. ਹਰਜੀਤ ਸਿੰਘ ਨੂੰ ਅਚਾਨਕ ਹਟਾਉਣ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਕਾਰਜਕਾਰੀ ਕਮੇਟੀ ਨੇ ਇੰਜ. ਹਰੀਸ਼ ਸ਼ਰਮਾ ਦੀ ਮੁਅੱਤਲੀ ਅਤੇ ਇੰਜ. ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ ਨੂੰ ਹਟਾਉਣ ਦੇ ਤਰੀਕੇ 'ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ | ਆਗੂਆਂ ਨੇ ਕਿਹਾ ਕਿ ਇਹ ਕਾਰਵਾਈਆਂ ਬੇਬੁਨਿਆਦ ਤਕਨੀਕੀ ਆਧਾਰਾਂ 'ਤੇ ਆਧਾਰਤ ਜਾਪਦੀਆਂ ਹਨ | ਇਨ੍ਹਾਂ ਕਾਰਵਾਈਆਂ ਰਾਹੀਂ ਇੰਜੀਨੀਅਰਾਂ 'ਤੇ ਬੇਲੋੜਾ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਤਕਨੀਕੀ ਕਾਰਜਾਂ, ਰੋਜ਼ਾਨਾ ਦੇ ਕੰਮਕਾਜ, ਖ਼ਰੀਦ ਪ੍ਰਕਿਰਿਆਵਾਂ, ਗੱਲਬਾਤ ਅਤੇ ਬੋਰਡ ਦੇ ਏਜੰਡਿਆਂ ਵਿਚ ਬੇਲੋੜੀ ਰਾਜਨੀਤਿਕ ਦਖ਼ਲਅੰਦਾਜ਼ੀ ਦੇ ਸੰਬੰਧ ਵਿਚ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ, ਕਿਉਂਕਿ ਇਹ ਬਿਜਲੀ ਖੇਤਰ ਦੀ ਕੁਸ਼ਲਤਾ ਅਤੇ ਸਥਿਰਤਾ ਨੂੰ ਕਮਜ਼ੋਰ ਕਰੇਗਾ | ਕਾਰਜਕਾਰੀ ਕਮੇਟੀ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ਼ ਮਾਰਚ 2026 ਤੱਕ 'ਜ਼ੀਰੋ ਪਾਵਰ ਆਊਟੇਜ' ਦੇ ਉਲਟ ਹੋਣਗੀਆਂ, ਬਲਕਿ ਅੰਤ 'ਚ ਪੰਜਾਬ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਬਿਜਲੀ ਸੇਵਾਵਾਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਨਗੀਆਂ | ਮੀਟਿੰਗ ਦੌਰਾਨ ਥਰਮਲ ਪਲਾਂਟ ਦੇ ਬਾਲਣ ਦੀ ਲਾਗਤ ਸੰਬੰਧੀ ਤਕਨੀਕੀ ਡੇਟਾ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਇਹ ਵੀ ਨੋਟ ਕੀਤਾ ਗਿਆ ਕਿ ਹਾਲਾਂਕਿ ਸਬ-ਕਿ੍ਟੀਕਲ ਦੀ ਤੁਲਨਾ ਸੁਪਰ ਕਿ੍ਟੀਕਲ ਥਰਮਲ ਨਾਲ ਪੂਰੀ ਤਰ੍ਹਾਂ ਗਲਤ ਹੈ ਪਰ ਇਸ ਦੇ ਬਾਵਜੂਦ, ਸਬ-ਕਿ੍ਟੀਕਲ ਪੁਰਾਣੀ ਤਕਨਾਲੋਜੀ ਵਾਲੇ ਰੋਪੜ ਥਰਮਲ ਬਿਜਲੀ ਦੀ ਲਾਗਤ (ਸਥਿਰ ਕਾਸਟ+ਵੇਰੀਏਬਲ ਕਾਸਟ) ਨਿੱਜੀ ਥਰਮਲ ਪਲਾਂਟਾਂ (ਸੁਪਰ ਕਿ੍ਟੀਕਲ ਤਕਨਾਲੋਜੀ 'ਤੇ ਆਧਾਰਤ) ਦੇ ਨੇੜੇ ਹੈ | ਇਸ ਤੋਂ ਇਲਾਵਾ ਕਾਰਜਕਾਰੀ ਨੇ ਬਿਜਲੀ ਖੇਤਰ ਵਿਚ ਗੈਰ-ਤਜਰਬੇਕਾਰ ਬਾਹਰੀ ਸਲਾਹਕਾਰਾਂ ਦੇ ਗ਼ੈਰ-ਤਕਨੀਕੀ ਇਨਪੁੱਟਸ ਦੁਆਰਾ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਵਧ ਰਹੇ ਰੁਝਾਨ 'ਤੇ ਇਤਰਾਜ਼ ਪ੍ਰਗਟ ਕੀਤਾ, ਜਿਸਦੇ ਨਤੀਜੇ ਵਜੋਂ ਬਿਜਲੀ ਇੰਜੀਨੀਅਰਾਂ ਦੀ ਪੇਸ਼ੇਵਾਰ ਮੁਹਾਰਤ ਅਤੇ ਸੰਸਥਾਗਤ ਗਿਆਨ ਪ੍ਰਤੀ ਅਣਦੇਖੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਵਿਵਹਾਰ ਨੂੰ ਰੋਕਣ ਦੀ ਲੋੜ ਹੈ | ਇਸ ਮੌਕੇ ਕਾਰਜਕਾਰੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਰੋਪੜ ਅਤੇ ਲਹਿਰਾ ਮੁਹੱਬਤ ਦੋਵਾਂ ਥਰਮਲ ਪਲਾਂਟਾਂ ਦੇ ਬਾਹਰ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਮੈਂਬਰਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਅਤੇ ਸਮੂਹਿਕ ਅਸਹਿਮਤੀ ਦਰਜ ਕਰਵਾਉਣ ਲਈ ਪੰਜਾਬ ਦੇ ਸਾਰੇ ਖੇਤਰਾਂ ਵਿਚ ਵਿਰੋਧ ਮੀਟਿੰਗਾਂ ਕੀਤੀਆਂ ਜਾਣਗੀਆਂ | ਕਾਰਜਕਾਰੀ ਕਮੇਟੀ ਨੇ ਸਾਰੇ ਇੰਜੀਨੀਅਰਾਂ ਨੂੰ ਅਪੀਲ ਕੀਤੀ ਕਿ ਜੇਕਰ ਸਥਿਤੀ ਦੀ ਮੰਗ ਹੋਵੇ ਤਾਂ ਸਮੂਹਿਕ ਕਾਰਵਾਈ ਲਈ ਤਿਆਰ ਰਹਿਣ |