ਦੇਵੀਗੜ੍ਹ, 5 ਨਵੰਬਰ (ਰਾਜਿੰਦਰ ਸਿੰਘ ਮੌਜੀ)-ਸਨੌਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਂਦਿਆਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਭੰਬੂਆਂ ਤੋਂ ਜ਼ੁਲਕਾਂ ਤੱਕ ਦੀ ਸੜਕ 'ਤੇ 44 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ | ਸੜਕ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਆਵਾਜਾਈ ਪਹਿਲਾਂ ਨਾਲੋਂ ਬਹੁਤ ਸੌਖੀ ਅਤੇ ਸੁਖਾਲੀ ਹੋ ਗਈ ਹੈ | ਗੱਲਬਾਤ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਸਾਡੀ ਸਰਕਾਰ ਨੇ ਲੋਕਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਹੈ | ਪਿੰਡ ਵਾਸੀਆਂ ਨੇ ਸੜਕ ਦੇ ਕੰਮ ਦੀ ਤੇਜ਼ੀ ਅਤੇ ਗੁਣਵੱਤਾ 'ਤੇ ਤਸੱਲੀ ਪ੍ਰਗਟ ਕਰਦਿਆਂ ਚੇਅਰਮੈਨ ਹਡਾਣਾ ਤੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਆਵਾਜਾਈ ਦੀ ਸਮੱਸਿਆ ਹਮੇਸ਼ਾ ਲਈ ਹੱਲ ਹੋ ਗਈ ਹੈ | ਇਸ ਮੌਕੇ ਕੌਂਸਲਰ ਸ਼ੁਭਮ ਲਾਂਬਾ ਪੁੱਤਰ ਦਾਨੂ ਲਾਂਬਾ, ਕੌਂਸਲਰ ਗੁਰਮੀਤ ਸਿੰਘ ਭੰਬੂਆਂ ਤੇ ਕੌਂਸਲਰ ਹੈਪੀ ਜ਼ੁਲਕਾਂ ਆਦਿ ਹਾਜ਼ਰ ਸਨ |