ਪਟਿਆਲਾ, 5 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਐਲੀਮੈਂਟਰੀ ਸਕੂਲ ਪੂਰਬੀਆ ਕਾਲੋਨੀ ਦੇ ਵਿਦਿਆਰਥੀਆਂ ਤਰੁਣ ਜਮਾਤ ਪੰਜਵੀਂ, ਰੂਹੀ ਜਮਾਤ ਚੌਥੀ ਅਤੇ ਆਲੀਆ ਜਮਾਤ ਤੀਜੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਫਿਜ਼ੀਕਲ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਹੋਈਆਂ ਵਿਚ ਕਰਾਟੇ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਰਹੇ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਿਸ ਵਿਚ ਸਕੂਲ ਦੇ ਹਿੱਸੇ ਜ਼ਿਲ੍ਹਾ ਖੇਡਾਂ ਵਿਚ ਕਰਾਟੇ ਖੇਡ ਵਿਚੋਂ ਇਕ ਸੋਨ ਤਗਮਾ, ਇਕ ਚਾਂਦੀ ਦਾ ਤਗਮਾ ਅਤੇ ਇਕ ਕਾਂਸੇ ਦਾ ਤਗਮਾ ਝੋਲੀ ਆਇਆ | ਇਸ ਮੌਕੇ ਅਧਿਆਪਕ ਇੰਚਾਰਜ ਸੰਦੀਪ ਕੌਰ ਨੇ ਦਸਿਆ ਕਿ ਉਨ੍ਹਾਂ ਸਮੇਤ ਮਾਸਟਰ ਅਮਰਇੰਦਰ ਸਿੰਘ, ਸ੍ਰੀਮਤੀ ਮਨਿੰਦਰ ਕੌਰ ਅਤੇ ਮਾਸਟਰ ਮਨਿੰਦਰ ਸਿੰਘ ਦੀ ਮਿਹਨਤ ਸਦਕਾ ਸਕੂਲ ਦੀ ਰਾਜ ਪੱਧਰੀ ਖੇਡਾਂ ਵਿਚ ਐਂਟਰੀ ਹੋ ਚੁੱਕੀ ਹੈ | ਬਲਾਕ ਪ੍ਰਾਇਮਰੀ ਅਫ਼ਸਰ ਜਸਵਿੰਦਰ ਸਿੰਘ ਵਲੋਂ ਸਕੂਲ ਆ ਕੇ ਬੱਚਿਆਂ ਨੂੰ ਤਗਮੇ ਪਾ ਕੇ ਅਧਿਆਪਕਾਂ ਅਤੇ ਬੱਚਿਆਂ ਦਾ ਮਾਣ ਵਧਾਇਆ ਗਿਆ |